ਭੋਗਪੁਰ ਨੇੜੇ ਕਾਰਾਂ ਦੀ ਸਿੱਧੀ ਟੱਕਰ ’ਚ 5 ਹਲਾਕ

ਭੋਗਪੁਰ- ਕੌਮੀ ਮਾਰਗ ’ਤੇ ਪਿੰਡ ਪਚਰੰਗਾ ਨੇੜੇ ਕਿਸਾਨ ਕੋਲਡ ਸਟੋਰ ਦੇ ਸਾਹਮਣੇ ਆਲਟੋ ਕਾਰ ਤੇ ਇਨੋਵਾ ਵਿਚਾਲੇ ਹੋਈ ਭਿਆਨਕ ਟੱਕਰ ਵਿਚ ਦੋ ਔਰਤਾਂ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕਰੀਬ ਅੱਠ ਵਜੇ ਆਲਟੋ ਕਾਰ (ਨੰਬਰ ਜੇਕੇ-02-ਏਐੱਸ-0970) ਵਿੱਚ ਸਵਾਰ ਪੰਜ ਜਣੇ ਜੰਮੂ ਤੋਂ ਜਲੰਧਰ ਜਾ ਰਹੇ ਸਨ। ਅਚਾਨਕ ਕਾਰ ਦਾ ਅਗਲਾ ਟਾਇਰ ਫਟ ਜਾਣ ਕਾਰਨ ਕਾਰ ਡਿਵਾਈਡਰ ਟੱਪ ਕੇ ਦੂਜੇ ਪਾਸੇ ਸਾਹਮਣੇ ਤੋਂ ਆ ਰਹੀ ਇਨੋਵਾ ਕਾਰ ਨਾਲ ਟਕਰਾ ਗਈ। ਇਨੋਵਾ ਜਲੰਧਰ ਤੋਂ ਟਾਂਡਾ ਵੱਲ ਜਾ ਰਹੀ ਸੀ। ਇਹ ਟੱਕਰ ਏਨੀ ਜ਼ਬਰਦਸਤ ਸੀ ਕਿ ਆਲਟੋ ਚਕਨਾਚੂਰ ਹੋ ਗਈ ਅਤੇ ਇਸ ਵਿਚ ਸਵਾਰ ਦੋ ਔਰਤਾਂ ਸਮੇਤ ਪੰਜ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਦੋ ਸਕੇ ਭਰਾਵਾਂ ਦੇਵ ਰਾਜ ਤੇ ਦਰਸ਼ਨ ਕੁਮਾਰ ਪੁੱਤਰ ਸਾਈਂ ਦਾਸ ਅਤੇ ਉਨ੍ਹਾਂ ਦੀਆਂ ਪਤਨੀਆਂ ਲਾਜਵੰਤੀ ਤੇ ਰਾਜ ਕੁਮਾਰੀ ਅਤੇ ਕਾਰ ਚਾਲਕ ਸੁਨੀਲ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਚੱਕਰੋੜੀ ਥਾਣਾ ਆਰਐੱਸ ਪੁਰਾ (ਜੰਮੂ) ਵਜੋਂ ਹੋਈ ਹੈ। ਇਨੋਵਾ ਕਾਰ ਵਿਚਲੇ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਪਛਾਣ ਐੱਨਆਰਆਈ ਮਨਿੰਦਰ ਸਿੰਘ, ਸਤਪਾਲ ਸਿੰਘ ਅਤੇ ਨਵਕਿਰਨ ਕੌਰ ਵਾਸੀ ਪਿੰਡ ਘੋੜਾਬਾਹਾ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ। ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜੌਹਲ ਹਸਪਤਾਲ ਜਲੰਧਰ ਪਹੁੰਚਾਇਆ ਗਿਆ। ਹਾਦਸੇ ਵਿਚ ਨਵਦੀਪ ਕੌਰ ਅਤੇ ਉਸ ਦਾ ਛੋਟਾ ਬੱਚਾ ਵਾਲ-ਵਾਲ ਬਚ ਗਏ। ਆਲਟੋ ਸਵਾਰਾਂ ਦੀਆਂ ਲਾਸ਼ਾਂ ਕਾਰ ਵਿਚ ਬੁਰੀ ਤਰ੍ਹਾਂ ਫਸ ਗਈਆਂ, ਜਿਨ੍ਹਾਂ ਨੂੰ ਕਾਰ ਤੋੜ ਕੇ ਬਾਹਰ ਕੱਢਿਆ ਗਿਆ। ਪੁਲੀਸ ਮੁਲਾਜ਼ਮਾਂ ਨੇ ਆਲਟੋ ਕਾਰ ’ਚੋਂ ਮਿਲੇ ਕੁਝ ਕਾਗਜ਼ਾਂ ’ਤੇ ਲਿਖੇ ਪਤੇ ਅਤੇ ਟੈਲੀਫੋਨ ਨੰਬਰਾਂ ਦੇ ਆਧਾਰ ’ਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਸੂਚਿਤ ਕੀਤਾ। ਪੁਲੀਸ ਨੇ ਇਸ ਹਾਦਸੇ ਸਬੰਧੀ ਥਾਣਾ ਭੋਗਪੁਰ ਵਿੱਚ ਆਈਪੀਸੀ ਦੀ ਧਾਰਾ 174 ਅਧੀਨ ਕੇਸ ਦਰਜ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਪਹੁੰਚਾ ਦਿੱਤਾ ਹੈ।

Previous articleਕੁਮਾਰਸਵਾਮੀ ਬੇਵਿਸਾਹੀ ਮਤੇ ਦੇ ਟਾਕਰੇ ਲਈ ਤਿਆਰ
Next articleਸੀਬੀਆਈ ਵਲੋਂ ਇੰਦਰਾ ਜੈਸਿੰਘ ਦੇ ਘਰ ਤੇ ਪਤੀ ਦੇ ਦਫ਼ਤਰਾਂ ’ਤੇ ਛਾਪੇ