ਗਾਜ਼ੀਆਬਾਦ (ਸਮਾਜ ਵੀਕਲੀ) : ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਮੁੱਖ ਬੁਲਾਰੇ ਤੇ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਮੁਲਕ ਵਿੱਚ ਭੁੱਖ ਦੇ ਨਾਂ ’ਤੇ ਵਪਾਰ ਨਹੀਂ ਕਰਨ ਦੇਣਗੇ। ਕਿਸਾਨ ਆਗੂ ਨੇ ਮੰਗ ਕੀਤੀ ਕਿ ਖੇਤੀ ਨਾਲ ਜੁੜੇ ਵਿਵਾਦਿਤ ਕਾਨੂੰਨਾਂ ਨੂੰ ਰੱਦ ਕਰਕੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਬਾਰੇ ਕਾਨੂੰਨ ਲਿਆਂਦਾ ਜਾਵੇ। ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਕਰੀਰ ਮਗਰੋਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਿਕੈਤ ਨੇ ਕਿਹਾ, ‘ਦੇਸ਼ ਵਿੱਚ ਭੁੱਖ ਦੇ ਨਾਂ ’ਤੇ ਵਪਾਰ ਨਹੀਂ ਹੋਵੇਗਾ। ਜਿੰਨੀ ਭੁੱਖ ਲੱਗੇਗੀ, ਅਨਾਜ ਦੀ ਕੀਮਤ ਵੀ ਓਨੀ ਹੀ ਹੋਵੇਗੀ।
ਦੇਸ਼ ਵਿੱਚ ਭੁੱਖ ਦੇ ਨਾਂ ’ਤੇ ਵਪਾਰ ਕਰਨ ਵਾਲਿਆਂ ਨੂੰ ਬਾਹਰ ਕੱਢਿਆ ਜਾਵੇਗਾ।’ ਕਿਸਾਨ ਆਗੂ ਨੇ ਕਿਹਾ, ‘ਜਿਵੇਂ ਜਹਾਜ਼ ਦੀਆਂ ਟਿਕਟਾਂ ਦੇ ਭਾਅ ਤਿੰਨ ਤੋਂ ਚਾਰ ਗੁਣਾਂ ਉਪਰ ਥੱਲੇ ਹੁੰਦੇ ਹਨ, ਉਸੇ ਤਰਜ਼ ’ਤੇ ਫਸਲਾਂ ਦੇ ਭਾਅ ਨਹੀਂ ਮਿੱਥੇ ਜਾਣਗੇ।’ ਕਿਸਾਨ ਅੰਦੋਲਨਾਂ ’ਚ ਸ਼ਾਮਲ ਇਕ ਨਵੀਂ ‘ਪ੍ਰਜਾਤੀ’ ਦੇ ਉਭਾਰ ਬਾਰੇ ਪ੍ਰਧਾਨ ਮੰਤਰੀ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਟਿਕੈਤ ਨੇ ਕਿਹਾ, ‘ਹਾਂ, ਐਤਕੀਂ ਇਹ ਕਿਸਾਨਾਂ ਦਾ ਭਾਈਚਾਰਾ ਹੈ, ਜੋ ਉੱਭਰਿਆ ਹੈ ਤੇ ਲੋਕ ਵੀ ਇਨ੍ਹਾਂ (ਕਿਸਾਨਾਂ) ਦੀ ਹਮਾਇਤ ਕਰ ਰਹੇ ਹਨ।’ ਟਿਕੈਤ ਨੇ ਕਿਸਾਨਾਂ ਵਿੱਚ ਜਾਤ ਤੇ ਧਰਮ ਦੇ ਨਾਂ ’ਤੇ ਵੰਡੀਆਂ ਪਾਉਣ ਲਈ ਵੀ ਸਰਕਾਰ ਨੂੰ ਭੰਡਿਆ।
ਟਿਕੈਤ ਨੇ ਕਿਹਾ, ‘ਪਹਿਲਾਂ ਇਸ ਅੰਦੋਲਨ ਨੂੰ ਪੰਜਾਬ ਦੇ ਮਸਲੇ ਵਜੋਂ ਹੀ ਪ੍ਰਚਾਰਿਆ ਗਿਆ। ਫਿਰ ਸਿੱਖਾਂ, ਜੱਟਾਂ ਤੇ ਹੋਰ ਕਈ ਕੁਝ ਕਿਹਾ ਗਿਆ। ਦੇਸ਼ ਦੇ ਕਿਸਾਨ ਇਕਜੁੱਟ ਹਨ। ਨਾ ਕੋਈ ਛੋਟਾ ਤੇ ਨਾ ਕੋਈ ਵੱਡਾ ਕਿਸਾਨ ਹੈ। ਇਹ ਅੰਦੋਲਨ ਸਾਰੇ ਕਿਸਾਨਾਂ ਦਾ ਹੈ।’ ਟਿਕੈਤ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਜਿਵੇਂ ਲੋਕਾਂ ਨੂੰ ਗੈਸ ਸਿਲੰਡਰ ’ਤੇ ਮਿਲਦੀ ਸਬਸਿਡੀ ਛੱਡਣ ਦੀ ਅਪੀਲ ਕਰਦੇ ਹਨ, ਉਵੇਂ ਹੀ ਉਨ੍ਹਾਂ ਨੂੰ ਸੰਸਦ ਮੈਂਬਰਾਂ ਤੇੇ ਵਿਧਾਇਕਾਂ ਨੂੰ ਆਪਣੀਆਂ ਪੈਨਸ਼ਨਾਂ ਛੱਡਣ ਲਈ ਆਖਣਾ ਚਾਹੀਦਾ ਹੈ ਤਾਂ ਕਿ ਇਸ ਫੰਡ ਨੂੰ ਨੌਜਵਾਨਾਂ ਦੀ ਵਿੱਤੀ ਹਮਾਇਤ ਲਈ ਖਰਚਿਆ ਜਾ ਸਕੇ। ਟਿਕੈਤ ਨੇ ਡੇਅਰੀ ਧੰਦੇ ਨਾਲ ਜੁੜੇ ਲੋਕਾਂ ਦੇ ਹਿੱਤ ਸੁਰੱਖਿਅਤ ਕੀਤੇ ਜਾਣ ਦੀ ਵੀ ਵਕਾਲਤ ਕੀਤੀ।