ਭੀਮ ਆਰਮੀ ਦੇ ਮੁਖੀ ਨੇ ਪੁਲੀਸ ਨੂੰ ਝਕਾਨੀ ਦਿੱਤੀ

ਨਵੀਂ ਦਿੱਲੀ: ਭੀਮ ਆਰਮੀ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੂੰ ਪੁਲੀਸ ਨੇ ਅੱਜ ‘ਫੜ’ ਲਿਆ ਸੀ ਪਰ ਉਹ ਦਰਿਆਗੰਜ ਨੇੜੇ ਪੁਲੀਸ ਨੂੰ ਝਕਾਨੀ ਦੇ ਕੇ ਭੱਜਣ ’ਚ ਕਾਮਯਾਬ ਰਿਹਾ। ਉਂਜ ਪੁਲੀਸ ਨੇ ਇਸ ਬਾਬਤ ਕੋਈ ਪੁਸ਼ਟੀ ਨਹੀਂ ਕੀਤੀ ਹੈ। ਭੀਮ ਆਰਮੀ ਮੁਤਾਬਕ ਪੁਲੀਸ ਨੇ ਆਜ਼ਾਦ ਨੂੰ ਜਾਮਾ ਮਸਜਿਦ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਮੌਕੇ ਤੋਂ ਬਚ ਕੇ ਨਿਕਲਣ ’ਚ ਕਾਮਯਾਬ ਰਿਹਾ। ਉਸ ਨੇ ਜਦੋਂ ਮੁੜ ਪ੍ਰਦਰਸ਼ਨਾਂ ’ਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਦਰਿਆਗੰਜ ਨੇੜੇ ਆਜ਼ਾਦ ਨੂੰ ‘ਫੜ’ ਲਿਆ ਪਰ ਉਹ ਉਥੇ ਵੀ ਪੁਲੀਸ ਤੋਂ ਬਚ ਗਿਆ। ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ’ਚ ਅੱਜ ਜਾਮਾ ਮਸਜਿਦ ਤੋਂ ਜੰਤਰ-ਮੰਤਰ ਤੱਕ ਰੋਸ ਮਾਰਚ ਕੱਢਿਆ ਜਾਣਾ ਸੀ ਪਰ ਪੁਲੀਸ ਨੇ ਭੀਮ ਆਰਮੀ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਕ ਦਿਨ ਪਹਿਲਾਂ ਵੀਰਵਾਰ ਨੂੰ ਹਜ਼ਾਰਾਂ ਵਿਦਿਆਰਥੀਆਂ, ਕਾਰਕੁਨਾਂ ਅਤੇ ਵਿਰੋਧੀ ਧਿਰ ਦੇ ਆਗੂਆਂ ਨੇ ਕੌਮੀ ਰਾਜਧਾਨੀ ’ਚ ਪਾਬੰਦੀ ਦੇ ਹੁਕਮਾਂ ਅਤੇ ਸੁਰੱਖਿਆ ਅੜਿੱਕਿਆਂ ਨੂੰ ਦਰਕਿਨਾਰ ਕਰਦਿਆਂ ਸੜਕਾਂ ’ਤੇ ਰੋਸ ਮੁਜ਼ਾਹਰੇ ਕੀਤੇ ਸਨ।

Previous articleਐੱਨਆਰਸੀ ਲਾਗੂ ਨਹੀਂ ਕਰਾਂਗੇ: ਨਿਤੀਸ਼
Next articleਭਾਰਤ ਜਲਦ ਵਿਕਾਸ ਦੇ ਰਾਹ ’ਤੇ ਮੁੜੇਗਾ: ਮੋਦੀ