ਭੀਮ ਆਰਮੀ ਦੇ ਕਾਰਕੁਨਾਂ ਦੀ ਕਾਰਵਾਈ ਦੇ ਪੇਸ਼ੇਨਜ਼ਰ ਇੱਥੇ ਸ਼ੁੱਕਰਤਾਲ ਵਿਚ ਹਨੂੰਮਾਨ ਧਾਮ ਦੀ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ। ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਨੇ ਪਿਛਲੇ ਦਿਨੀ ਕਿਹਾ ਸੀ ਕਿ ਦਲਿਤ ਭਾਈਚਾਰੇ ਦੇ ਮੈਂਬਰਾਂ ਨੂੰ ਹਨੂੰਮਾਨ ਮੰਦਰਾਂ ਦੀ ਦੇਖ ਰੇਖ ਆਪਣੇ ਹੱਥਾਂ ਵਿਚ ਲੈਣ ਤੇ ਉਥੇ ਦਲਿਤ ਪੁਜਾਰੀ ਥਾਪਣ ਦਾ ਸੱਦਾ ਦਿੱਤਾ ਸੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪਿਛਲੇ ਦਿਨੀਂ ਆਖਿਆ ਸੀ ਕਿ ਹਨੂੰਮਾਨ ਦਲਿਤ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰੋਵਿੰਸੀਅਲ ਆਰਮਡ ਕਾਂਸਟੇਬੁਲਰੀ (ਪੀਏਸੀ) ਤੇ ਪੁਲੀਸ ਦੀਆਂ ਟੀਮਾਂ ਹਨੂੰਮਾਨ ਧਾਮ ਅੰਦਰ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਕਿ ਭੀਮ ਆਰਮੀ ਦੇ ਕਾਰਕੁਨ ਉੱਥੇ ਹੁੱਲੜਬਾਜ਼ੀ ਨਾ ਕਰ ਸਕਣ। ਫਿਲਹਾਲ ਉਸ ਜਗ੍ਹਾ ਕੋਈ ਅਣਸੁਖਾਵੀਂ ਘਟਨਾ ਦੀ ਕੋਈ ਰਿਪੋਰਟ ਨਹੀਂ ਹੈ। ਆਦਿਤਿਆਨਾਥ ਨੇ ਰਾਜਸਥਾਨ ਦੇ ਅਲਵਰ ਜ਼ਿਲੇ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ‘‘ ਹਨੂੰਮਾਨ ਜੰਗਲ ’ਚ ਰਹਿੰਦਾ ਸੀ, ਮਹਿਰੂਮ ਤੇ ਦਲਿਤ ਸੀ। ਬਜਰੰਗ ਬਲੀ ਨੇ ਉੱਤਰ ਤੋਂ ਦੱਖਣ ਤੇ ਪੂਰਬ ਤੋਂ ਪੱਛਮ ਤੱਕ ਸਾਰੇ ਭਾਰਤੀ ਫ਼ਿਰਕਿਆਂ ਨੂੰ ਜੋੜਨ ਦਾ ਕੰਮ ਕੀਤਾ ਸੀ।’’ ਉਧਰ, ਰਾਜਸਥਾਨ ਵਿਚ ਇਕ ਸੱਜੇਪੱਖੀ ਗਰੁਪ ਨੇ ਆਦਿਤਿਆਨਾਥ ਨੂੰ ਕਾਨੂੰਨੀ ਨੋਟਿਸ ਭੇਜ ਕੇ ਭਗਵਾਨ ਹਨੂੰਮਾਨ ਨੂੰ ਦਲਿਤ ਕਹਿਣ ਬਦਲੇ ਮੁਆਫ਼ੀ ਮੰਗਣ ਲਈ ਕਿਹਾ ਹੈ। ਪਿਛਲੇ ਹਫ਼ਤੇ ਕੌਮੀ ਜਨਜਾਤੀ ਕਮਿਸ਼ਨ (ਐਨਸੀਐਸਟੀ) ਦੇ ਚੇਅਰਪਰਸਨ ਨੰਦ ਕੁਮਾਰ ਸਾਈ ਨੇ ਦਾਅਵਾ ਕੀਤਾ ਸੀ ਕਿ ਭਗਵਾਨ ਹਨੂੰਮਾਨ ਕਬਾਇਲੀ ਸੀ।
INDIA ਭੀਮ ਆਰਮੀ ਦੀ ਧਮਕੀ: ਹਨੂੰਮਾਨ ਧਾਮ ਦੀ ਸੁਰੱਖਿਆ ਵਧਾਈ