ਭਾਸ਼ਾ ਵਿਭਾਗ ਵਿੱਚ ਵੱਡੇ ਪੱਧਰ ’ਤੇ ਅਸਾਮੀਆਂ ਖਾਲੀ

ਪਟਿਆਲਾ, (ਸਮਾਜ ਵੀਕਲੀ): ਪੰਜਾਬ ਭਾਸ਼ਾ ਵਿਭਾਗ ਵਿੱਚ ਵੱਡੇ ਪੱਧਰ ’ਤੇ ਅਸਾਮੀਆਂ ਖਾਲੀ ਹਨ। ਭਾਸ਼ਾ ਵਿਭਾਗ ਦੇ ਸਿਰ ਰਾਜ ਭਾਸ਼ਾ ਪੰਜਾਬੀ ਤੇ ਹੋਰ ਭਾਸ਼ਾਵਾਂ ਪ੍ਰਤੀ ਵੱਡੀ ਜ਼ਿੰਮੇਵਾਰੀ ਹੈ ਪਰ ਵਿਭਾਗ ਦੀ ਹਾਲਤ ਦੀਵੇ ਥੱਲੇ ਹਨੇਰੇ ਵਾਲੀ ਬਣੀ ਹੋਈ ਹੈ।

ਸਰਕਾਰਾਂ ਦੇ ਵਾਅਦੇ ਪੰਜ ਸਾਲ ਬਾਅਦ ਵੀ ਪੂਰੇ ਨਹੀਂ ਹੋਏ। ਵਿਭਾਗ ਲਈ ਖੋਜ ਅਫ਼ਸਰ ਤੇ ਸਹਾਇਕ ਖੋਜ ਅਫ਼ਸਰ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਹਨ, ਜਿਹੜੇ ਭਾਸ਼ਾਵਾਂ ਦੇ ਖੋਜ ਕਾਰਜਾਂ ਨੂੰ ਅੱਗੇ ਤੋਰਦੇ ਹਨ, ਪਰ ਸਹਾਇਕ ਖੋਜ ਅਫ਼ਸਰਾਂ ਦੀ 60 ਵਿੱਚੋਂ ਸਿਰਫ਼ ਇੱਕ ਹੀ ਅਸਾਮੀ ਭਰੀ ਰਹਿ ਗਈ ਹੈ। ਇਸੇ ਤਰ੍ਹਾਂ ਸਹਾਇਕ ਖੋਜ ਅਫ਼ਸਰਾਂ ਦੀਆਂ 40 ’ਚੋਂ ਕੇਵਲ ਪੰਜ ਹੀ ਅਸਾਮੀਆਂ ਰਹਿ ਗਈਆਂ ਹਨ।

ਵਿਭਾਗ ਦਾ ਖੋਜ ਤੇ ਟੈਕਨੀਕਲ ਕੰਮ ਵੀ ਰੱਬ ਆਸਰੇ ਹੈ। ਵਿਭਾਗ ਨੂੰ ਕਰੀਬ ਸਵਾ ਸਾਲ ਤੋਂ ਰੈਗੂਲਰ ਡਾਇਰੈਕਟਰ ਵੀ ਨਸੀਬ ਨਹੀਂ ਹੋ ਸਕਿਆ। ਇਸ ਵੇਲੇ ਅਸਥਾਈ ਵਾਗਡੋਰ ਡਿਪਟੀ ਡਾਇਰੈਕਟ ਦੇ ਹਵਾਲੇ ਕਰਕੇ ਡੰਗ ਟਪਾਇਆ ਜਾ ਰਿਹਾ ਹੈ ਜਦੋਂਕਿ ਵਧੀਕ ਡਾਇਰੈਕਟਰ ਦੀ ਅਸਾਮੀ ਵੀ ਕਦੋਂ ਦੀ ਖਾਲੀ ਪਈ ਹੈ। ਇਸੇ ਤਰ੍ਹਾਂ ਸੰਯੁਕਤ ਡਾਇਰੈਕਟਰ ਦੀਆਂ ਦੋਵੇਂ ਆਸਾਮੀਆਂ ਖਾਲੀ ਹਨ।

ਡਿਪਟੀ ਡਾਇਰੈਕਟਰ ਦੀਆਂ 6 ’ਚੋਂ 4 ਖਾਲੀ ਹਨ, ਸਹਾਇਕ ਡਾਇਰੈਕਟਰ ਦੀਆਂ 26 ’ਚੋਂ 15 ਖਾਲੀ ਹਨ। ਚਿੰਤਕਾਂ ਦਾ ਕਹਿਣਾ ਹੈ ਕਿ ਸੂਬੇ ਦੇ ਇਸ ਭਾਸ਼ਾਈ ਧਰੋਹਰ ਨੂੰ ਬਚਾਉਣ ਲਈ ਪੰਜਾਬੀਆਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ। ਇਸ ਸਬੰਧੀ ਭਾਸ਼ਾ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਕਰਮਜੀਤ ਕੌਰ ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।

Previous articleਸੂਬਾ ਪ੍ਰਧਾਨ ’ਤੇ ਹੋਇਆ ਹਮਲਾ ਰਾਜਨੀਤੀ ਤੋਂ ਪ੍ਰੇਰਿਤ: ਮਿੱਤਲ
Next articleਪੰਜਾਬ ਵਿੱਚ ਸੇਵਾਮੁਕਤੀ ਦੇ ਦੋ ਨਿਯਮ