ਭਾਸ਼ਣਾਂ ’ਚ ਬੇਰੁਜ਼ਗਾਰੀ ਦੀ ਗੱਲ ਨਹੀਂ ਕਰਦੇ ਪ੍ਰਧਾਨ ਮੰਤਰੀ: ਰਾਹੁਲ ਗਾਂਧੀ

ਬੇਤੀਆ/ਦਰਭੰਗਾ (ਬਿਹਾਰ) (ਸਮਾਜ ਵੀਕਲੀ) :ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ ’ਚ ਹੋਰ ਦੇਸ਼ਾਂ ਦੀਆਂ ਗੱਲਾਂ ਤਾਂ ਕਰਦੇ ਹਨ ਪਰ ਭਾਰਤ ਨੂੰ ਦਰਪੇਸ਼ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਦਾ ਜ਼ਿਕਰ ਤੱਕ ਨਹੀਂ ਕਰਦੇ। ਬਿਹਾਰ ਵਿਧਾਨ ਸਭਾ ਚੋਣਾਂ ਸਬੰਧੀ ਪ੍ਰਚਾਰ ਦੇ ਆਪਣੇ ਦੂਜੇ ਗੇੜ ਦੌਰਾਨ ਪੱਛਮੀ ਚੰਪਾਰਨ ਜ਼ਿਲ੍ਹੇ ’ਚ ਪਹੁੰਚੇ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਤੇ ਪਰਵਾਸ ਦੇ ਮੁੱਦੇ ’ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵੀ ਲੰਬੇ ਹੱਥੀਂ ਲਿਆ। ਵਾਲਮੀਕੀ ਨਗਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਨੇ ਕਿਹਾ ਕਿ ਦਸਹਿਰੇ ਮੌਕੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸੜਦੇ ਦੇਖ ਕੇ ਉਨ੍ਹਾਂ ਨੂੰ ਬਹੁਤ ਤਕਲੀਫ਼ ਹੋਈ। ਉਨ੍ਹਾਂ ਕਿਹਾ ਕਿ ਇਸ ਤੋਂ ਨੌਜਵਾਨਾਂ ਤੇ ਕਿਸਾਨਾਂ ਦਾ ‘ਗੁੱਸਾ’ ਝਲਕਦਾ ਹੈ।

ਸ੍ਰੀ ਗਾਂਧੀ ਨੇ ਕਿਹਾ, ‘‘ਪੰਜਾਬ ਤੇ ਬਿਹਾਰ ਦੇ ਨੌਜਵਾਨ ਤੇ ਕਿਸਾਨ ਅਤੇ ਉੱਤਰ ਪ੍ਰਦੇਸ਼ ਦੇ ਨੌਜਵਾਨ ਖ਼ਫ਼ਾ ਹਨ ਕਿ ਸਾਡਾ ਪ੍ਰਧਾਨ ਮੰਤਰੀ ਬਿਹਾਰ ਦੇ ਮੁੱਖ ਮੰਤਰੀ ਨਾਲ ਭਾਸ਼ਣ ਦਿੰਦਾ ਹੈ ਅਤੇ ਹੋਰ ਦੇਸ਼ਾਂ ਦੀਆਂ ਗੱਲਾਂਕਰਦਾ ਰਹਿੰਦਾ ਹੈ ਪਰ ਦੇਸ਼ ਨੂੰ ਦਰਪੇਸ਼ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਦਾ ਜ਼ਿਕਰ ਤੱਕ ਨਹੀਂ ਕਰਦਾ।’’ ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਧਾਨ ਮੰਤਰੀ ਤੇ ਬਿਹਾਰ ਦੇ ਮੁੱਖ ਮੰਤਰੀ ਬੇਰੁਜ਼ਗਾਰੀ ਦਾ ਮੁੱਦਾ ਉਠਾਉਂਦੇ ਰਹਿੰਦੇ ਸਨ ਪਰ ਹੁਣ ਇਸ ਸਬੰਧੀ ਗੱਲ ਵੀ ਨਹੀਂ ਕਰਦੇ। ਉਨ੍ਹਾਂ ਕਿਹਾ, ‘‘ਹੁਣ ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ ਵਿੱਚ ਨਹੀਂ ਕਹਿੰਦੇ ਹਨ ਕਿ ਉਹ ਦੋ ਕਰੋੜ ਨੌਕਰੀਆਂ ਦੇਣਗੇ, ਕਿਉਂਕਿ ਬਿਹਾਰ ਦੇ ਲੋਕਾਂ ਨੂੰ ਇਹ ਅਹਿਸਾਸ ਹੋ ਚੁੱਕਿਆ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਝੂਠ ਬੋਲਿਆ ਗਿਆ ਸੀ।’’

ਉਨ੍ਹਾਂ ਕਿਹਾ, ‘‘ਕਾਂਗਰਸ ਜਾਣਦੀ ਹੈ ਕਿ ਦੇਸ਼ ਕਿਵੇਂ ਚਲਾਉਣਾ ਹੈ, ਕਿਸਾਨਾਂ ਨਾਲ ਕਿਵੇਂ ਖੜ੍ਹਨਾ ਹੈ ਤੇ ਰੁਜ਼ਗਾਰ ਕਿਵੇਂ ਦੇਣਾ ਹੈ, ਪਰ ਸਾਨੂੰ ਇਹ ਨਹੀਂ ਪਤਾ ਕਿ ਝੂਠ ਕਿਵੇਂ ਬੋਲਣਾ ਹੈ।’’ ਹਾਲ ਹੀ ’ਚ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਸਬੰਧੀ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ‘ਪਾਇਲਟ ਪ੍ਰਾਜੈਕਟ’ ਸਾਲ 2006 ’ਚ ਲਾਗੂ ਹੋ ਗਿਆ ਸੀ ਜਦੋਂ ਰਾਜ ਵਿੱਚ ਮੰਡੀ ਪ੍ਰਣਾਲੀ ਨੂੰ ਖ਼ਤਮ ਕੀਤਾ ਗਿਆ ਸੀ।

ਕਾਂਗਰਸੀ ਆਗੂ ਨੇ ਕਿਹਾ, ‘‘ਨਿਤੀਸ਼ ਕੁਮਾਰ ਨੇ 2006 ’ਚ ਜੋ ਬਿਹਾਰ ’ਚ ਕੀਤਾ ਸੀ, ਨਰਿੰਦਰ ਮੋਦੀ ਉਹੀ ਪੰਜਾਬ, ਹਰਿਆਣਾ ਤੇ ਦੇਸ਼ ਭਰ ’ਚ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਵੱਲੋਂ ਵਾਲਮੀਕੀ ਨਗਰ ਲੋਕ ਸਭਾ ਉਪ ਚੋਣ ਲਈ ਪ੍ਰਵੇਸ਼ ਕੁਮਾਰ ਮਿਸ਼ਰਾ ਅਤੇ ਵਿਧਾਨ ਸਭਾ ਚੋਣਾਂ ਲਈ ਰਾਜੇਸ਼ ਸਿੰਘ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਜੇਡੀ (ਯੂ) ਦੇ ਸੰਸਦ ਮੈਂਬਰ ਬੈਦਿਆਨਾਥ ਮਾਹਤੋ ਦੀ ਮੌਤ ਹੋਣ ਕਰ ਕੇ ਵਾਲਮੀਕੀ ਨਗਰ ਲੋਕ ਸਭਾ ਸੀਟ ਖਾਲੀ ਹੋ ਗਈ ਸੀ। ਇਹ ਉਪ ਚੋਣ 7 ਨਵੰਬਰ ਨੂੰ ਹੋਣੀ ਹੈ ਅਤੇ ਨਤੀਜਾ 10 ਨਵੰਬਰ ਨੂੰ ਐਲਾਨਿਆ ਜਾਵੇਗਾ।

ਉਪਰੰਤ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦਰਭੰਗਾ ਜ਼ਿਲ੍ਹੇ ’ਚ ਕੁਸ਼ੇਸਵਰ ਅਸਥਾਨ ’ਚ ਦੂਜੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਛੋਟੇ ਦੁਕਾਨਦਾਰਾਂ, ਨੌਜਵਾਨਾਂ, ਕਿਸਾਨਾਂ ਤੇ ਮਜ਼ਦੂਰਾਂ ਵਿੱਚ ਕੌਮੀ ਪੱਧਰ ’ਤੇ ਪ੍ਰਧਾਨ ਮੰਤਰੀ ਖ਼ਿਲਾਫ਼ ਅਤੇ ਬਿਹਾਰ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਖ਼ਿਲਾਫ਼ ਕਾਫੀ ਗੁੱਸਾ ਹੈ ਪਰ ਤੁਹਾਨੂੰ ਇਹ ਸ਼ਾਇਦ ਇਸ ਲਈ ਇਹ ਨਹੀਂ ਦਿਸਿਆ ਕਿਉਂਕਿ ਨਿਤੀਸ਼ ਜੀ ਤੇ ਮੋਦੀ ਜੀ ਨੇ ਮੀਡੀਆ ਨੂੰ ਕੰਟਰੋਲ ਕੀਤਾ ਹੋਇਆ ਹੈ।’’ ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕਾਂ ਨੇ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਵਜੋਂ 15 ਸਾਲ ਅਤੇ ਮੋਦੀ ਨੂੰ ਪ੍ਰਧਾਨ ਮੰਤਰੀ ਵਜੋਂ ਛੇ ਸਾਲ ਦਿੱਤੇ ਪਰ ਅਜੇ ਵੀ ਬਿਹਾਰ ਸਭ ਤੋਂ ਗਰੀਬ ਰਾਜ ਹੈ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਚੱਲ ਰਹੀਆਂ ਚੋਣਾਂ ਰਾਜ ਦੇ ਭਵਿੱਖ ਲਈ ਹਨ ਅਤੇ ਜੇਕਰ ਆਪਣੇ ਮਹਾਗੱਠਜੋੜ ਦੇ ਭਾਈਵਾਲਾਂ ਨਾਲ ਕਾਂਗਰਸ ਸੱਤਾ ’ਚ ਆਉਂਦੀ ਹੈ ਤਾਂ ਇਹ ਹਰੇਕ ਜਾਤ ਤੇ ਧਰਮਾਂ ਦੀ ਸਰਕਾਰ ਹੋਵੇਗੀ।

Previous articleਰਈਆ: ਗੁਆਂਢਣ ਦਾ ਕਤਲ ਕਰਕੇ ਉਸ ਦੇ ਪੁੱਤ ਨੂੰ ਜ਼ਖ਼ਮੀ ਕੀਤਾ
Next articleਪੰਜਾਬ ’ਚ 97 ਮਾਲ ਗੱਡੀਆਂ ਦੀ ਆਵਾਜਾਈ ਮੁੜ ਸ਼ੁਰੂ: ਰੇਲਵੇ