ਮੁੰਬਈ (ਸਮਾਜ ਵੀਕਲੀ) : ਮੁੰਬਈ ਤੇ ਇਸ ਦੇ ਨੇੜਲੇ ਇਲਾਕਿਆਂ ’ਚ ਰਾਤ ਭਰ ਪਏ ਭਾਰੀ ਮੀਂਹ ਮਗਰੋਂ ਕਈ ਥਾਵਾਂ ’ਚ ਪਾਣੀ ਭਰਨ ਕਾਰਨ ਲੋਕਲ ਰੇਲ ਸੇਵਾ ਤੇ ਆਵਾਜਾਈ ਪ੍ਰਭਾਵਿਤ ਹੋਈ। ਇੱਥੋਂ ਤੱਕ ਕਿ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰ ਰਹੀਆਂ ਨਰਸਾਂ ਤੇ ਹੋਰਨਾਂ ਮੈਡੀਕਲ ਕਰਮੀਆਂ ਨੂੰ ਵੀ ਹਸਪਤਾਲ ਪਹੁੰਚਣ ’ਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਮੌਸਮ ਵਿਗਿਆਨ ਵਿਭਾਗ ਅਨੁਸਾਰ, ‘ਸ਼ਹਿਰ ਦੇ ਕਈ ਇਲਾਕਿਆਂ ’ਚ ਲੰਘੀ ਰਾਤ 200 ਐੱਮਐੱਮ ਤੋਂ ਵੱਧ ਮੀਂਹ ਪੈ ਚੁੱਕਾ ਹੈ ਅਤੇ ਅਗਲੇ 48 ਘੰਟੇ ਅਜਿਹਾ ਹੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ।’ ਕਰੋਨਾਵਾਇਰਸ ਦੇ ਮੱਦੇਨਜ਼ਰ ਸਿਰਫ਼ ਜ਼ਰੂਰੀ ਸੇਵਾਵਾਂ ’ਚ ਲੱਗੇ ਲੋਕਾਂ ਲਈ ਚਲਾਈ ਜਾ ਰਹੀ ਮੁੰਬਈ ਤੇ ਉੱਪ ਨਗਰ ’ਚ ਲੋਕਲ ਰੇਲ ਗੱਡੀਆਂ ਵੀ ਪਟੜੀਆਂ ’ਚ ਪਾਣੀ ਭਰਨ ਕਾਰਨ ਪ੍ਰਭਾਵਿਤ ਹੋਈਆਂ ਹਨ।
ਬਾਇਕੁਲਾ, ਦਾਦਰ ਅਤੇ ਮਹਾਲਕਸ਼ਮੀ ਨੇੜੇ ਸੜਕਾਂ ’ਤੇ ਪਾਣੀ ਭਰਨ ਕਾਰਨ ਇੱਥੇ ਵੀ ਆਵਾਜਾਈ ਪ੍ਰਭਾਵਿਤ ਹੋਈ ਹੈ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੁਰਲਾ, ਸਾਇਨ ਦੇ ਹੇਠਲੇ ਹਿੱਸਿਆ ਤੇ ਭਾਂਡੁਪ ਦੇ ਕੁਝ ਹਿੱਸਿਆਂ ’ਚ ਪਾਣੀ ਭਰਨ ਕਾਰਨ ਕਈ ਮਕਾਨ ਵੀ ਡੁੱਬ ਗਏ ਹਨ। ਕੇਂਦਰੀ ਮੁੰਬਈ ਦੇ ਇੱਕ ਸਰਕਾਰੀ ਹਸਪਤਾਲ ’ਚ ਪਾਣੀ ਭਰਨ ਕਾਰਨ ਮੈਡੀਕਲ ਅਮਲੇ ਤੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ।