* ਪ੍ਰਧਾਨ ਮੰਤਰੀ ਨੇ ਸੀਆਈਐਸਐਫ ਜਵਾਨਾਂ ਦੀ ਕੀਤੀ ਤਾਰੀਫ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਕ ਨੂੰ ਨਿਸ਼ਾਨਾ ਬਣਾ ਰਹੇ ਦਹਿਸ਼ਤੀਆਂ ਨੂੰ ਦਿੱਤੇ ਸਖ਼ਤ ਸੁਨੇਹੇ ’ਚ ਸਾਫ਼ ਕਰ ਦਿੱਤਾ ਕਿ ‘ਬਹੁਤ ਹੋ ਗਿਆ’ ਭਾਰਤ ਹੁਣ ਹੋਰ ਸੰਤਾਪ ਜਾਂ ਪੀੜਾ ਨਹੀਂ ਝੱਲੇਗਾ। ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐਸਐਫ਼) ਦੇ 50ਵੇਂ ਸਥਾਪਨਾ ਦਿਹਾੜੇ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਪੁਲਵਾਮਾ ਤੇ ਉੜੀ ਵਿੱਚ ਹੋਏ ਦਹਿਸ਼ਤੀ ਹਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ, ‘ਬਹੁਤ ਹੋ ਗਿਆ। ਭਾਰਤ ਹੁਣ ਹੋਰ ਪੀੜਾ ਨਹੀਂ ਝੱਲੇਗਾ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਮੁਲਕ ਨੂੰ ਵੈਰ-ਵਿਰੋਧ ਰੱਖਣ ਵਾਲੇ ਗੁਆਂਢੀ ਮੁਲਕ ਤੋਂ ਚੁਣੌਤੀਆਂ ਦਰਪੇਸ਼ ਹੋਣ ਤਾਂ ਸੀਆਈਐਸਐਫ ਵਰਗੇ ਸੁਰੱਖਿਆ ਬਲਾਂ ਦੀ ਭੂਮਿਕਾ ਹੋਰ ਵੀ ਅਹਿਮ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਗੁਆਂਢੀ ਵੈਰ-ਵਿਰੋਧ ਰੱਖਣ ਵਾਲਾ ਹੋਵੇ, ਪਰ ਉਹ ਜੰਗ ਲੜਨ ਤੋਂ ਅਸਮਰੱਥ ਹੋਵੇ ਅਤੇ ਜਦੋਂ ਮੁਲਕ ਦੇ ਅੰਦਰ ਘੜੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਸਰਹੱਦ ਪਾਰੋਂ ਹੱਲਾਸ਼ੇਰੀ ਮਿਲੇ ਤਾਂ ਅਜਿਹੇ ਮੁਸ਼ਕਲ ਹਾਲਾਤ ਵਿੱਚ ਮੁਲਕ ਤੇ ਉਹਦੀਆਂ ਸੰਸਥਾਵਾਂ ਦੀ ਸੁਰੱਖਿਆ ਵੱਡੀ ਚੁਣੌਤੀ ਬਣ ਜਾਂਦੀ ਹੈ। ਪਾਕਿਸਤਾਨ ਵਿੱਚ ਜੈਸ਼ ਦੇ ਦਹਿਸ਼ਤੀ ਕੈਂਪ ’ਤੇ ਹਮਲੇ ਦਾ ਅਸਿੱਧਾ ਹਵਾਲਾ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕਈ ਵਾਰ ਸਰਕਾਰ ਨੂੰ ਸਖ਼ਤ ਫੈਸਲੇ ਲੈਣੇ ਪੈਂਦੇ ਹਨ। ਸੀਆਈਐਸਐਫ਼ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਵਿਅਕਤੀ ਵਿਸ਼ੇਸ਼ ਨੂੰ ਬਚਾਉਣਾ ਹਾਲੇ ਸੌਖਾ ਹੈ, ਪਰ ਕਿਸੇ ਵੀ ਸੰਸਥਾ ਜਿੱਥੇ ਨਿੱਤ 30 ਲੱਖ ਲੋਕਾਂ ਦਾ ਆਉਣ-ਜਾਣ ਹੋਵੇ ਜਾਂ ਅੱਠ ਲੱਖ ਲੋਕ ਆਉਂਦੇ ਜਾਂਦੇ ਹਨ, ਦੀ ਸੁਰੱਖਿਆ ਬਹੁਤ ਮੁਸ਼ਕਲ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੀਆਈਐਸਐਫ਼ ਜਵਾਨ ਨਾ ਸਿਰਫ਼ ਦਰਾਂ ’ਤੇ ਖੜ੍ਹਦੇ ਹਨ ਬਲਕਿ ਉਨ੍ਹਾਂ ਦਾ ਦੇਸ਼ ਦੇ ਵਿਕਾਸ ਵਿੱਚ ਵੀ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਸੁਰੱਖਿਆ ਜਵਾਨਾਂ ਉੱਤੇ ਮਾਣ ਹੋਣਾ ਚਾਹੀਦਾ ਹੈ ਤੇ ਇਨ੍ਹਾਂ ਨੂੰ ਮੁਕੰਮਲ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਨੀਮ ਫੌਜੀ ਬਲਾਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਭਰਤੀ ਲਈ ਤਾਰੀਫ਼ ਕੀਤੀ। ਉਨ੍ਹਾਂ ਕਿਹਾ, ‘ਮੈਂ ਉਨ੍ਹਾਂ ਧੀਆਂ, ਮਾਤਾ-ਪਿਤਾ ਅਤੇ ਖਾਸ ਕਰਕੇ ਉਨ੍ਹਾਂ ਮਾਵਾਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਆਪਣੀ ਧੀਆਂ ਨੂੰ ਵਰਦੀ ਪਾ ਕੇ ਦੇਸ਼ ਦੀ ਜ਼ਿੰਮੇਵਾਰੀ ਚੁੱਕਣ ਲਈ ਭੇਜਿਆ ਹੈ।’