ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਭਾਰਤ ਵਲੋਂ ਕੀਤੇ ਹਵਾਈ ਹਮਲੇ ਦੇ ਸਬੂਤ ਮੰਗਣ ਵਾਲਿਆਂ ’ਤੇ ਵਰ੍ਹਦਿਆਂ, 2008 ਵਿਚ ਹੋਏ ਮੁੰਬਈ ਹਮਲਿਆਂ ਨਾਲ ਕਾਂਗਰਸ ਸਰਕਾਰ ਵਲੋਂ ਸਿੱਝਣ ਦੇ ਤੌਰ ਤਰੀਕਿਆਂ ਦੀ ਨੁਕਤਾਚੀਨੀ ਕੀਤੀ ਹੈ। ਗ੍ਰੇਟਰ ਨੋਇਡਾ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਸਭ ਲੋਕ ਭ੍ਰਿਸ਼ਟ ਹਨ ਜੋ ਵੋਟਾਂ ਲੈਣ ਲਈ ਉਸ ਦਾ ਵਿਰੋਧ ਕਰ ਰਹੇ ਹਨ ਅਤੇ ਉਸ ਨੂੰ ਗਾਲ੍ਹਾਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ‘ਨਈ ਰੀਤੀ, ਨਈ ਨੀਤੀ’ ਉਪਰ ਚੱਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 2016 ਵਿਚ ਹੋਏ ਉੜੀ (ਜੰਮੂ ਕਸ਼ਮੀਰ) ਹਮਲੇ ਤੋਂ ਬਾਅਦ ਦੇਸ਼ ਨੇ ਦਹਿਸ਼ਤਗਰਦਾਂ ਨੂੰ ਸਰਜੀਕਲ ਸਟਰਾਈਕਾਂ ਨਾਲ ਉਸ ਭਾਸ਼ਾ ਵਿਚ ਸਬਕ ਸਿਖਾਇਆ ਹੈ ਜੋ ਭਾਸ਼ਾ ਉਹ ਸਮਝਦੇ ਹਨ।
ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਤੋਂ ਬਾਅਦ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ‘‘ ਕੀ ਤੁਹਾਡੇ ਲਈ ਅਜਿਹੀ ਸਰਕਾਰ ਠੀਕ ਹੈ ਜੋ ਕੁਝ ਨਾ ਕਰਦੀ ਹੋਵੇ? ਅਜਿਹਾ ਚੌਕੀਦਾਰ ਜੋ ਸੁੱਤਾ ਪਿਆ ਰਹਿੰਦਾ ਹੋਵੇ?’’ ਉਨ੍ਹਾਂ ਕਿਹਾ ਕਿ ਦੇਸ਼ ਮੁੰਬਈ ਵਿਚ ਹੋਏ 26/11 ਦੇ ਦਹਿਸ਼ਤੀ ਹਮਲੇ ਨੂੰ ਕਦੇ ਨਹੀਂ ਭੁੱਲ ਸਕਦਾ।
ਭਾਰਤ ਨੂੰ ਉਦੋਂ ਜਵਾਬ ਦੇਣਾ ਚਾਹੀਦਾ ਸੀ ਅਤੇ ਸਮੁੱਚੀ ਦੁਨੀਆ ਦੇਸ਼ ਦੀ ਮਦਦ ਕਰਦੀ। ‘‘ਪਰ ਉਸ ਲਈ ਹੌਸਲਾ ਚਾਹੀਦਾ ਸੀ। ਸਾਰੇ ਸਬੂਤ ਪਾਕਿਸਤਾਨ ਵਿਚ ਦਹਿਸ਼ਤਗਰਦਾਂ ਦੇ ਆਕਾਵਾਂ ਖਿਲਾਫ਼ ਸਨ। ਪਰ ਭਾਰਤ ਨੇ ਕਿਵੇਂ ਜਵਾਬ ਦਿੱਤਾ ਸੀ? ਅਜਿਹੀਆਂ ਰਿਪੋਰਟਾਂ ਹਨ ਕਿ ਸਾਡੀਆਂ ਫ਼ੌਜਾਂ ਉਸ ਵੇਲੇ ਦਹਿਸ਼ਤਗਰਦ ਹਮਲੇ ਦਾ ਬਦਲਾ ਲੈਣ ਲਈ ਤਿਆਰ ਸਨ ਪਰ ਦਿੱਲੀ ਠੰਢੀ ਪੈ ਗਈ ਸੀ। ਫ਼ੌਜਾਂ ਨੂੰ ਕਾਰਵਾਈ ਦੀ ਆਗਿਆ ਨਹੀਂ ਦਿੱਤੀ ਗਈ।’’ ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਚ ਨਾਰੀ ਸ਼ਕਤੀ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਨਾਲ ਵੀ ਗੱਲਬਾਤ ਕੀਤੀ।
HOME ਭਾਰਤ ਹੁਣ ਦਹਿਸ਼ਤਗਰਦੀ ਖਿਲਾਫ਼ ਨਵੀਂ ਨੀਤੀ ’ਤੇ ਚੱਲ ਰਿਹਾ ਹੈ: ਮੋਦੀ