ਐੱਫਆਈਐੱਚ ਪ੍ਰੋ ਲੀਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਮਨਪ੍ਰੀਤ ਿਸੰਘ ਦੀ ਕਪਤਾਨੀ ਵਾਲੀ ਭਾਰਤੀ ਹਾਕੀ ਟੀਮ ਨੂੰ ਸ਼ਨਿੱਚਰਵਾਰ ਨੂੰ ਇੱਥੇ ਵਿਸ਼ਵ ਚੈਂਪੀਅਨ ਬੈਲਜੀਅਮ ਖ਼ਿਲਾਫ਼ ਮੁਕਾਬਲੇ ਵਿੱਚ ਆਪਣੀ ਸਰਵੋਤਮ ਲੈਅ ਜਾਰੀ ਰੱਖਣੀ ਹੋਵੇਗੀ। ਟੂਰਨਾਮੈਂਟ ਦੇ ਪਹਿਲੇ ਸੈਸ਼ਨ ’ਚੋਂ ਬਾਹਰ ਰਹਿਣ ਮਗਰੋਂ ਭਾਰਤ ਨੇ ਲੀਗ ਵਿੱਚ ਸ਼ਾਨਦਰ ਸ਼ੁਰੂਆਤ ਕਰਕੇ ਨੀਦਰਲੈਂਡ ਖ਼ਿਲਾਫ਼ ਮੈਚ ਵਿੱਚ ਪੰਜ ਅੰਕ ਹਾਸਲ ਕੀਤੇ ਹਨ। ਦੁਨੀਆਂ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਨੇ ਪਹਿਲੇ ਮੈਚ ਵਿੱਚ 5-2 ਨਾਲ ਅਤੇ ਦੂਜੇ ਵਿੱਚ ਸ਼ੂਟਆਊਟ ਵਿੱਚ 3-1 ਨਾਲ ਜਿੱਤ ਦਰਜ ਕੀਤੀ। ਉਸ ਮਗਰੋਂ ਭਾਰਤ ਨੇ ਕੋਈ ਮੈਚ ਨਹੀਂ ਖੇਡਿਆ, ਇਸ ਲਈ ਟੀਮ ਪੰਜਵੇਂ ਨੰਬਰ ’ਤੇ ਹੈ। ਬੈਲਜੀਅਮ ਚਾਰ ਮੈਚਾਂ ਵਿੱਚ 11 ਅੰਕਾਂ ਨਾਲ ਚੋਟੀ ’ਤੇ ਹੈ, ਜਦਕਿ ਨੀਦਰਲੈਂਡ ਦੂਜੇ ਸਥਾਨ ’ਤੇ ਹੈ। ਆਸਟਰੇਲੀਆ ਤੀਜੇ, ਜਰਮਨੀ ਚੌਥੇ ਅਤੇ ਭਾਰਤ ਪੰਜਵੇਂ ਸਥਾਨ ’ਤੇ ਹੈ। ਬੈਲਜੀਅਮ ਨੇ ਕਲਿੰਗਾ ਸਟੇਡੀਅਮ ਵਿੱਚ ਹੀ 2018 ਵਿੱਚ ਵਿਸ਼ਵ ਕੱਪ ਜਿੱਤਿਆ ਸੀ। ਹਾਲ ਹੀ ਵਿੱਚ ਵਿਸ਼ਵ ਦਰਜਾਬੰਦੀ ਵਿੱਚ ਆਸਟਰੇਲੀਆ ਨੂੰ ਪਛਾੜ ਕੇ ਅੱੱਵਲ ਨੰਬਰ ’ਤੇ ਪਹੁੰਚੀ ਬੈਲਜੀਅਮ ਦੇ ਹੌਸਲੇ ਬੁਲੰਦ ਹਨ ਕਿਉਂਕਿ ਉਹ ਆਸਟਰੇਲੀਆ ਅਤੇ ਨਿਊਜ਼ੀਲੈਂਡ ਨੂੰ ਹਰਾ ਚੁੱਕੀ ਹੈ।
ਬੈਲਜੀਅਮ ਦੇ ਕੋਚ ਸ਼ੇਨ ਮੈਕਲਿਓਡ ਨੇ ਕਿਹਾ, ‘‘ਇਹ ਦੁਨੀਆਂ ਦੇ ਸਰਵੋਤਮ ਸਟੇਡੀਅਮਾਂ ਵਿੱਚੋਂ ਇੱਕ ਹੈ ਅਤੇ ਸਾਡਾ ਇੱਥੇ ਚੰਗਾ ਰਿਕਾਰਡ ਹੈ। ਅਸੀਂ ਇੱਥੇ ਦਸ ਵਿੱਚੋਂ ਅੱਠ ਮੈਚ ਜਿੱਤੇ ਹਨ ਅਤੇ ਦੋ ਡਰਾਅ ਖੇਡੇ ਹਨ।’’ ਬੈਲਜੀਅਮ ਦੇ ਕਪਤਾਨ ਥੌਮਸ ਬ੍ਰਿਲਜ਼ ਨੇ ਹਾਲਾਂਕਿ ਸਵੀਕਾਰ ਕੀਤਾ ਕਿ ਉਸ ਦੀ ਟੀਮ ਲਈ ਚੁਣੌਤੀ ਮੁਸ਼ਕਲ ਹੈ।
Sports ਭਾਰਤ ਸਾਹਮਣੇ ਬੈਲਜੀਅਮ ਦੀ ਸਖ਼ਤ ਚੁਣੌਤੀ