ਭਾਰਤ ਸਭ ਤੋਂ ਖੁੱਲ੍ਹੇ ਅਰਥਚਾਰਿਆਂ ’ਚੋਂ ਇੱਕ: ਮੋਦੀ

ਨਵੀਂ ਦਿੱਲੀ (ਸਮਾਜਵੀਕਲੀ) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲਮੀ ਕੰਪਨੀਆਂ ਨੂੰ ਭਾਰਤ ’ਚ ਨਿਵੇਸ਼ ਦਾ ਸੱਦਾ ਦਿੰਦਿਆਂ ਅੱਜ ਕਿਹਾ ਕਿ ਭਾਰਤ ਦੁਨੀਆਂ ਦੇ ਸਭ ਤੋਂ ਖੁੱਲ੍ਹੇ ਅਰਥਚਾਰਿਆਂ ’ਚੋਂ ਇੱਕ ਹੈ ਜਿਨ੍ਹਾਂ ’ਚ ਨਿਵੇਸ਼ਕਾਂ ਨੂੰ ਸੁਖਾਵੇਂ ਤੇ ਮੁਕਾਬਲੇ ਵਾਲੇ ਕਾਰੋਬਾਰੀ ਮਾਹੌਲ ਦੇ ਨਾਲ ਨਾਲ ਵੱਡੇ ਮੌਕੇ ਮੁਹੱਈਆ ਹੁੰਦੇ ਹਨ।

ਉਨ੍ਹਾਂ ਇੰਡੀਆ ਗਲੋਬਲ ਵੀਕ-2020 ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਕਰੋਨਾਵਾਇਰਸ ਮਹਾਮਾਰੀ ਕਾਰਨ ਲਾਏ ਗਏ ਲੌਕਡਾਊਨ ਤੋਂ ਬਾਹਰ ਆ ਰਿਹਾ ਹੈ ਜਿਸ ਤੋਂ ਬਾਅਦ ਅਰਥਚਾਰੇ ’ਚ ਮੁੜ ਵਿਕਾਸ ਦੇ ਸੰਕੇਤ ਦਿਖਾਈ ਦੇਣ ਲੱਗੇ ਹਨ। ਸ੍ਰੀ ਮੋਦੀ ਨੇ ਕਿਹਾ, ‘ਭਾਰਤ ਦੁਨੀਆਂ ਦੇ ਸਭ ਤੋਂ ਖੁੱਲ੍ਹੇ ਅਰਥਚਾਰਿਆਂ ’ਚੋਂ ਇੱਕ ਹੈ।

ਅਸੀਂ ਸਾਰੀਆਂ ਆਲਮੀ ਕੰਪਨੀਆਂ ਨੂੰ ਭਾਰਤ ’ਚ ਆਪਣੀ ਹਾਜ਼ਰੀ ਦਾ ਮੌਕਾ ਦੇਣ ਲਈ ਉਨ੍ਹਾਂ ਦੇ ਸਵਾਗਤ ਲਈ ਤਿਅਾਰ ਖੜ੍ਹੇ ਹਾਂ। ਦੁਨੀਆ ’ਚ ਬਹੁਤ ਘੱਟ ਅਜਿਹੇ ਦੇਸ਼ ਹੋਣਗੇ ਜੋ ਅੱਜ ਦੇ ਸਮੇਂ ਭਾਰਤ ਦੀ ਤਰ੍ਹਾਂ ਮੌਕੇ ਮੁਹੱਈਆ ਕਰਦੇ ਹਨ।’ ਉਨ੍ਹਾਂ ਖੇਤੀ ਦੇ ਨਾਲ-ਨਾਲ ਰੱਖਿਆ ਤੇ ਪੁਲਾੜ ਖੇਤਰ ’ਚ ਆਲਮੀ ਪੂੰਜੀ ਨੂੰ ਖਿੱਚਣ ਲਈ ਹਾਲ ਹੀ ’ਚ ਕੀਤੇ ਗਏ ਸੁਧਾਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘ਅਸੀਂ ਅਰਥਚਾਰੇ ਨੂੰ ਵੱਧ ਉਤਪਾਦਕ, ਨਿਵੇਸ਼ ਲਈ ਸੁਖਾਵਾਂ ਤੇ ਮੁਕਾਬਲੇ ਵਾਲਾ ਬਣਾ ਰਹੇ ਹਾਂ।

ਭਾਰਤ ’ਚ ਕਈ ਉੱਭਰਦੇ ਖੇਤਰਾਂ ’ਚ ਕਈ ਸੰਭਾਵਨਾਵਾਂ ਤੇ ਮੌਕੇ ਹਨ। ਅਸੀਂ ਨਿਵੇਸ਼ਕਾਂ ਨੂੰ ਆਉਣ ਤੇ ਸਿੱਧੇ ਨਿਵੇਸ਼ ਦਾ ਮੌਕਾ ਦੇਣ ਲਈ ਦਰਵਾਜ਼ੇ ਖੋਲ੍ਹ ਰਹੇ ਹਾਂ।’ ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸੂਖਮ, ਲਘੂ ਤੇ ਦਰਮਿਆਨੀ ਸਨਅਤ ’ਚ ਸੁਧਾਰ ਕੀਤੇ ਗਏ ਹਨ ਜੋ ਵੱਡੀ ਸਨਅਤ ਲਈ ਸਹਾਇਕ ਹੋਣਗੇ।

ਉਨ੍ਹਾਂ ਕਿਹਾ, ‘ਇਸ ’ਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਭਾਰਤ ’ਚ ਪਹਿਲਾਂ ਹੀ ਆਰਥਿਕ ਸੁਧਾਰ ਦੇ ਸੰਕੇਤ ਦਿਖਾਈ ਦੇਣ ਲੱਗੇ ਹਨ।’ ਉਨ੍ਹਾਂ ਕਿਹਾ ਕਿ ਇੱਕ ਪਾਸੇ ਦੇਸ਼ ਆਲਮੀ ਮਹਾਮਾਰੀ ਨਾਲ ਲੜ ਰਿਹਾ ਹੈ ਤੇ ਦੂਜੇ ਪਾਸੇ ਲੋਕਾਂ ਦੀ ਸਿਹਤ ਵੱਲ ਧਿਆਨ ਦੇਣ ਦੇ ਨਾਲ ਹੀ ਅਰਥਚਾਰੇ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਰਤ ਨੇ ਹਰ ਚੁਣੌਤੀ ਨੂੰ ਪਾਰ ਕੀਤਾ ਹੈ ਫਿਰ ਭਾਵੇਂ ਉਹ ਸਮਾਜਿਕ ਹੋਵੇ ਜਾਂ ਆਰਥਿਕ।

Previous articleਕਾਨਪੁਰ ਕਾਂਡ: ਮੁੱਖ ਦੋਸ਼ੀ ਵਿਕਾਸ ਦੂਬੇ ਉਜੈਨ ਤੋਂ ਗ੍ਰਿਫ਼ਤਾਰ
Next articleਵਧ ਔਰਤ ਨੇਤਾਵਾਂ ਦੇ ਹੋਣ ’ਤੇ ਦੁਨੀਆਂ ਵਿੱਚ ਵਧੇਰੇ ਸ਼ਾਂਤੀ ਹੁੰਦੀ: ਦਲਾਈ ਲਾਮਾ