ਭਾਰਤ ਵੱਲੋਂ ਦੂਜੇ ਇੱਕ ਰੋਜ਼ਾ ’ਚ ਵਿੰਡੀਜ਼ ਨੂੰ 107 ਦੌੜਾਂ ਦੀ ਸ਼ਿਕਸਤ

ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਦੇ ਸੈਂਕੜਿਆਂ ਅਤੇ ਫਿਰ ਕੁਲਦੀਪ ਯਾਦਵ ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਦੂਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਵੈਸਟ ਇੰਡੀਜ਼ ਨੂੰ 107 ਦੌੜਾਂ ਹਰਾ ਕੇ ਲੜੀ 1-1 ਨਾਲ ਬਰਾਬਰ ਕਰ ਲਈ। ਲੜੀ ਦਾ ਤੀਜਾ ਅਤੇ ਫ਼ੈਸਲਾਕੁਨ ਮੈਚ ਐਤਵਾਰ ਨੂੰ ਕਟਕ ਵਿੱਚ ਖੇਡਿਆ ਜਾਵੇਗਾ। ਭਾਰਤ ਦੀਆਂ 388 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟ ਇੰਡੀਜ਼ ਸਲਾਮੀ ਬੱਲੇਬਾਜ਼ ਸ਼ਾਈ ਹੋਪ (78 ਦੌੜਾਂ) ਅਤੇ ਨਿਕੋਲਸ ਪੂਰਨ (75 ਦੌੜਾਂ) ਵਿਚਾਲੇ ਚੌਥੀ ਵਿਕਟ ਦੀ 106 ਦੌੜਾਂ ਦੀ ਭਾਈਵਾਲੀ ਦੇ ਬਾਵਜੂਦ 43.3 ਓਵਰਾਂ ਵਿੱਚ 280 ਦੌੜਾਂ ਹੀ ਬਣਾ ਸਕਿਆ। ਭਾਰਤ ਵੱਲੋਂ ਕੁਲਦੀਪ (52 ਦੌੜਾਂ ਦੇ ਕੇ) ਅਤੇ ਮੁਹੰਮਦ ਸ਼ਮੀ (39 ਦੌੜਾਂ ਦੇ ਕੇ) ਨੇ ਤਿੰਨ-ਤਿੰਨ ਵਿਕਟਾਂ, ਜਦਕਿ ਰਵਿੰਦਰ ਜਡੇਜਾ ਨੇ ਦੋ ਵਿਕਟਾਂ ਲਈਆਂ। ਭਾਰਤ ਨੇ ਰੋਹਿਤ ਦੀ 138 ਗੇਂਦਾਂ ਵਿੱਚ 17 ਚੌਕਿਆਂ ਅਤੇ ਪੰਜ ਛੱਕਿਆਂ ਨਾਲ 159 ਦੌੜਾਂ ਦੀ ਪਾਰੀ ਅਤੇ ਉਸ ਦੀ ਰਾਹੁਲ (104 ਗੇਂਦਾਂ ’ਤੇ 102 ਦੌੜਾਂ) ਨਾਲ ਪਹਿਲੀ ਵਿਕਟ ਲਈ 227 ਦੌੜਾਂ ਦੀ ਭਾਈਵਾਲੀ ਨਾਲ ਪੰਜ ਵਿਕਟਾਂ ਗੁਆ ਕੇ 387 ਦੌੜਾਂ ਬਣਾਈਆਂ। ਵੈਸਟ ਇੰਡੀਜ਼ ਖ਼ਿਲਾਫ਼ ਇਹ ਭਾਰਤ ਦਾ ਦੂਜਾ, ਜਦਕਿ ਕੁੱਲ ਅੱਠਵਾਂ ਸਰਵੋਤਮ ਸਕੋਰ ਸੀ। ਭਾਰਤ ਨੇ ਵੈਸਟ ਇੰਡੀਜ਼ ਖ਼ਿਲਾਫ਼ ਹੀ ਇੰਦੌਰ ਵਿੱਚ ਦਸੰਬਰ 2011 ਵਿੱਚ ਪੰਜ ਵਿਕਟਾਂ ’ਤੇ 418 ਦੌੜਾਂ ਦਾ ਆਪਣਾ ਸਰਵੋਤਮ ਸਕੋਰ ਬਣਾਇਆ ਸੀ।

ਭਾਰਤੀ ਟੀਮ ਆਖ਼ਰੀ ਸੱਤ ਓਵਰਾਂ ਵਿੱਚ 100 ਦੌੜਾਂ ਬਣਾਉਣ ਵਿੱਚ ਸਫਲ ਰਹੀ। ਸ਼੍ਰੇਅਸ ਅਈਅਰ (32 ਗੇਂਦਾਂ ’ਤੇ 53 ਦੌੜਾਂ, ਤਿੰਨ ਚੌਕੇ, ਚਾਰ ਛੱਕੇ) ਅਤੇ ਰਿਸ਼ਭ ਪੰਤ (16 ਗੇਂਦਾਂ ’ਤੇ 39 ਦੌੜਾਂ, ਤਿੰਨ ਚੌਕੇ, ਚਾਰ ਛੱਕੇ) ਨੇ ਚੌਥੀ ਵਿਕਟ ਲਈ ਸਿਰਫ਼ ਚਾਰ ਓਵਰਾਂ ਵਿੱਚ 73 ਦੌੜਾਂ ਦੀ ਭਾਈਵਾਲੀ ਕਰਕੇ ਭਾਰਤ ਦਾ ਸਕੋਰ 350 ਦੌੜਾਂ ਤੋਂ ਪਾਰ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਵੈਸਟ ਇੰਡੀਜ਼ ਖ਼ਿਲਾਫ਼ ਭਾਰਤ ਵੱਲੋਂ ਪਹਿਲੀ ਵਿਕਟ ਦੀ ਇਹ ਸਰਵੋਤਮ ਭਾਈਵਾਲੀ ਹੈ। ਰੋਹਿਤ ਅਤੇ ਰਾਹੁਲ ਨੇ ਸੌਰਵ ਗਾਂਗੁਲੀ ਅਤੇ ਵੀਰੇਂਦਰ ਸਹਿਵਾਗ ਨੂੰ ਪਛਾੜ ਦਿੱਤਾ, ਜਿਨ੍ਹਾਂ ਨੇ ਨਵੰਬਰ 2002 ਵਿੱਚ ਰਾਜਕੋਟ ਵਿੱਚ 196 ਦੌੜਾਂ ਦੀ ਭਾਈਵਾਲੀ ਕੀਤੀ ਸੀ। ਭਾਰਤ ਦੀ ਸਲਾਮੀ ਜੋੜੀ ਨੇ ਛੇਵੀਂ ਵਾਰ 200 ਜਾਂ ਇਸ ਤੋਂ ਵੱਧ ਦੌੜਾਂ ਦੀ ਭਾਈਵਾਲੀ ਕਰਦਿਆਂ ਦੂਜੇ ਸਥਾਨ ’ਤੇ ਮੌਜੂਦ ਆਸਟਰੇਲੀਆ ਦੀ ਬਰਾਬਰੀ ਕੀਤੀ। ਪਹਿਲੀ ਵਿਕਟ ਲਈ ਸਭ ਤੋਂ ਵੱਧ ਵਾਰ 200 ਜਾਂ ਇਸ ਤੋਂ ਵੱਧ ਦੌੜਾਂ ਦੀ ਭਾਈਵਾਲੀ ਦਾ ਰਿਕਾਰਡ ਸ੍ਰੀਲੰਕਾ ਦੇ ਨਾਮ ਹੈ, ਜਿਸ ਦੇ ਬੱਲੇਬਾਜ਼ਾਂ ਨੇ 11 ਵਾਰ ਇਹ ਉਪਲੱਬਧੀ ਹਾਸਲ ਕੀਤੀ ਹੈ। ਵੈਸਟ ਇੰਡੀਜ਼ ਦੇ ਸ਼ੈਲਡਨ ਕੋਟਰੇਲ ਨੇ 83 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ, ਜਦੋਂਕਿ ਕੀਮੋ ਪਾਲ (57 ਦੌੜਾਂ ਦੇ ਕੇ), ਅਲਜ਼ਾਰੀ ਜੋਸੇਫ਼ (68) ਅਤੇ ਕੀਰੋਨ ਪੋਲਾਰਡ (20) ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਵੈਸਟ ਇੰਡੀਜ਼ ਦੇ ਕਪਤਾਨ ਕੀਰੋਨ ਪੋਲਾਰਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਜਿਸ ਨੂੰ ਰਾਹੁਲ ਅਤੇ ਰੋਹਿਤ ਨੇ ਗ਼ਲਤ ਸਾਬਤ ਕਰਨ ਵਿੱਚ ਕਸਰ ਨਹੀਂ ਛੱਡੀ।

Previous articleਮਨਪ੍ਰੀਤ ਵੱਲੋਂ ਕੇਂਦਰ ਨੂੰ ਕਣਕ-ਝੋਨੇ ’ਤੇ ਐੱਮਐੱਸਪੀ ਜਾਰੀ ਰੱਖਣ ਦੀ ਅਪੀਲ
Next articleAfter 3-day drama, Dhankhar happy over officials’ briefing