ਰੋਲੈਂਟ ਓਲਟਮੈਨਜ਼ ਨੇ ਕਿਹਾ ਕਿ ਜਿਸ ਢੰਗ ਨਾਲ ਹਾਕੀ ਇੰਡੀਆ ਨੇ ਉਸ ਨੂੰ ਕੱਢਿਆ, ਉਸ ਤੋਂ ਦੁੱਖੀ ਹੋਣ ਤੋਂ ਵੱਧ ਹੈਰਾਨੀ ਹੋਈ ਕਿਉਂਕਿ ਉਸ ਨੇ ਭਾਰਤੀ ਹਾਕੀ ਨੂੰ ਪੰਜ ਸਾਲ ਦਿੱਤੇ ਸਨ।
ਓਲਟਮੈਨਜ਼ 2013 ਵਿੱਚ ਭਾਰਤੀ ਹਾਕੀ ਦਾ ਹਾਈ ਪਰਫਾਰਮੈਂਸ ਨਿਰਦੇਸ਼ਕ ਬਣਿਆ ਸੀ। ਉਸ ਨੇ ਭਾਰਤੀ ਹਾਕੀ ਨੂੰ ਨਵੇਂ ਸਿਰੇ ਤੋਂ ਖੜ੍ਹਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਨੂੰ ਬੀਤੇ ਸਾਲ ਸਤੰਬਰ ਵਿੱਚ ਟੀਮ ਦੇ ਖ਼ਰਾਬ ਨਤੀਜਿਆਂ ਮਗਰੋਂ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਓਲਟਮੈਨਜ਼ ਨੇ ਕਿਹਾ, ‘‘ਮੈਂ ਇਸ ਤਰ੍ਹਾਂ ਹਟਾਉਣ ਤੋਂ ਦੁਖੀ ਨਹੀਂ ਸੀ। ਇਹ ਕੋਚਿੰਗ ਦਾ ਹਿੱਸਾ ਹੈ, ਪਰ ਮੈਂ ਹੈਰਾਨ ਜ਼ਰੂਰ ਸੀ।’’ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੀ ਮਲੇਸ਼ੀਆ ਟੀਮ ਦੇ ਮੁੱਖ ਕੋਚ ਓਲਟਮੈਨਜ਼ ਨੇ ਕਿਹਾ, ‘‘ਕਈ ਵਾਰ ਲੋਕ ਫ਼ੈਸਲੇ ਲੈਂਦੇ ਹਨ ਅਤੇ ਤੁਹਾਨੂੰ ਉਨ੍ਹਾਂ ਨੂੰ ਮੰਨਣਾ ਪੈਂਦਾ ਹੈ।’’ ਕੁੱਝ ਸਾਬਕਾ ਖਿਡਾਰੀਆਂ ਦਾ ਮੰਨਣਾ ਹੈ ਕਿ ਭਾਰਤੀ ਹਾਕੀ ਲਈ ਓਲਟਮੈਨਜ਼ ਦੀ ਮਿਹਨਤ ਹੁਣ ਰੰਗ ਲਿਆ ਰਹੀ ਹੈ।
ਉਸ ਨੇ ਕਿਹਾ, ‘‘ਇਹ ਵੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਇਸ ਦੌਰਾਨ ਭਾਰਤੀ ਹਾਕੀ ਦਾ ਕੱਦ ਵਧਿਆ ਹੈ। ਇਹ ਨਵੀਂ ਟੀਮ ਅਤੇ ਨਵਾਂ ਗਰੁੱਪ ਹੈ। ਮੈਂ ਇੱਕ ਮੈਚ (ਮਲੇਸ਼ੀਆ ਖ਼ਿਲਾਫ਼) ਨੂੰ ਛੱਡ ਕੇ ਭਾਰਤੀ ਹਾਕੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ।’’ ਵਿਸ਼ਵ ਕੱਪ ਵਿੱਚ ਭਾਰਤ ਦੇ ਤਗ਼ਮੇ ਦੀਆਂ ਉਮੀਦਾਂ ਬਾਰੇ ਪੁੱਛਣ ’ਤੇ ਉਸ ਨੇ ਕਿਹਾ, ‘‘ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਦੁਨੀਆਂ ਦੀਆਂ ਸਿਖਰਲੀਆਂ ਛੇ ਟੀਮਾਂ ਵਿੱਚੋਂ ਹੀ ਵਿਸ਼ਵ ਜੇਤੂ ਬਣੇਗੀ।’’ ਭਾਰਤ ਇਸ ਸਮੇਂ ਵਿਸ਼ਵ ਰੈਂਕਿੰਗ ਵਿੱਚ ਪੰਜਵੇਂ ਸਥਾਨ ’ਤੇ ਹੈ। ਮਲੇਸ਼ੀਆ ਨੂੰ ਪੂਲ ‘ਡੀ’ ਵਿੱਚ ਪਾਕਿਸਤਾਨ, ਜਰਮਨੀ ਅਤੇ ਨੀਦਰਲੈਂਡ ਨਾਲ ਰੱਖਿਆ ਗਿਆ ਹੈ, ਜਿਸ ਨੂੰ ਪੂਲ ਆਫ ਡੈੱਥ ਮੰਨਿਆ ਜਾ ਰਿਹਾ ਹੈ। ਕੋਚ ਨੇ ਕਿਹਾ, ‘‘ਅਸੀਂ ਸਿੱਧਾ ਟੀਚਾ ਰੱਖਿਆ ਹੈ ਕਿ ਪਹਿਲਾਂ ਪੂਲ ਆਫ ਡੈਥ ਵਿੱਚੋਂ ਬਾਹਰ ਨਿਕਲਣਾ ਹੈ। ਇਹ ਕਾਫੀ ਚੁਣੌਤੀਪੂਰਨ ਹੈ। ਇਸ ਮਗਰੋਂ ਅਗਲੇ ਟੀਚੇ ਬਾਰੇ ਸੋਚਾਂਗੇ।’’