ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਅੱਜ ਇੱਥੇ ਕਿਹਾ ਕਿ ਭਾਰਤ ਵਿੱਚ ਮੁਸਲਮਾਨ ਦੁਨੀਆਂ ਦੇ ਬਹੁਤੇ ਹਿੱਸਿਆਂ ਦੇ ਮੁਕਾਬਲੇ ਸੁਰੱਖਿਅਤ ਹਨ। ਇੱਥੇ ਸਟਰੈਟਜਿਕ ਆਊਟਲੁੱਕ: ਇੰਡੀਆ 2020 ਸੈਸ਼ਨ ਦੌਰਾਨ ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਯਕੀਨੀ ਤੌਰ ਉੱਤੇ ਵਿਸ਼ਵ ਦੇ ਬਹੁਲਤਾਵਾਦੀ ਭਾਈਚਾਰਿਆਂ ਵਿੱਚੋਂ ਇੱਕ ਹੈ। ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਹਰ ਵੱਖਰੇ ਵਿਚਾਰ ਅਤੇ ਨਜ਼ਰੀਏ ਦਾ ਸਵਾਗਤ ਕਰਦਾ ਹੈ ਅਤੇ ਬਰਾਬਰ ਮੌਕੇ ਹਾਸਲ ਕਰਨ ਦੇ ਮਾਮਲੇ ਵਿੱਚ ਮੁਸਲਮਾਨ ਦੁਨੀਆਂ ਦੇ ਬਹੁਤੇ ਹਿੱਸਿਆਂ ਦੇ ਮੁਕਾਬਲੇ ਭਾਰਤ ਵਿੱਚ ਵਧੇਰੇ ਸੁਰੱਖਿਅਤ ਹਨ। ਉਨ੍ਹਾਂ ਇਸ ਨੁਕਤੇ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਵਿੱਚ ਇਸ ਮੁੱਦੇ ਉੱਤੇ ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਕਿਸੇ ਘਰ ਨੂੰ ਬਿਜਲੀ, ਗੈਸ ਜਾਂ ਕੋਈ ਹੋਰ ਸਹੂਲਤ ਦਿੰਦੇ ਹਾਂ ਤਾਂ ਉਨ੍ਹਾਂ ਦਾ ਧਰਮ ਜਾਂ ਰੰਗ ਨਸਲ ਨਹੀਂ ਪੁੱਛਦੇ। ਸਾਰੀਆਂ ਸਹੂਲਤਾਂ ਸਾਰਿਆਂ ਲਈ ਬਰਾਬਰ ਹਨ।
ਇਸ ਮੌਕੇ ਉਨ੍ਹਾਂ ਨਾਗਰਿਕਤਾ ਸੋਧ ਕਾਨੂੰਨ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਧਾਰਮਿਕ ਜੁਲਮਾਂ ਦਾ ਸ਼ਿਕਾਰ ਹੋ ਰਹੇ ਲੋਕਾਂ ਦੀ ਸੁਰੱਖਿਆ ਕਰਨੀ ਭਾਰਤ ਦਾ ਫਰਜ਼ ਹੈ। ਭਾਰਤ ਦੇ ਰੇਲਵੇ ਵਣਜ ਤੇ ਉਦਯੋਗ ਮੰਤਰੀ ਨੇ ਵੱਖ ਵੱਖ ਦਲੀਲਾਂ ਦੇ ਕੇ ਭਾਰਤ ਦੇ ਨਵੇਂ ਨਾਗਰਿਕਤਾ ਕਾਨੂੰਨ ਦੀ ਪੂਰੀ ਤਰ੍ਹਾਂ ਪ੍ਰੋੜਤਾ ਕੀਤੀ। ਉਨ੍ਹਾਂ ਕਿਹਾ ਦੁਨੀਆਂ ਵਿੱਚ 57 ਦੇ ਕਰੀਬ ਇਸਲਾਮਿਕ ਦੇਸ਼ ਹਨ ਅਤੇ ਇੱਕ ਦੋ ਨੂੰ ਛੱਡ ਕੇ ਸਾਰੇ ਭਾਰਤ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੇ ਫੈਸਲਿਆਂ ਦਾ ਸਤਿਕਾਰ ਕਰਦੇ ਹਨ।
INDIA ਭਾਰਤ ਵਿੱਚ ਮੁਸਲਮਾਨ ਵਧੇਰੇ ਸੁਰੱਖਿਅਤ: ਗੋਇਲ