ਭਾਰਤ ਵਿਚ ਦਾਜ ਕਾਰਨ ਹੋ ਰਹੇ ਨੇ ਔਰਤਾਂ ਦੇ ਕਤਲ

ਸੰਯੁਕਤ ਰਾਸ਼ਟਰ- ਯੂਐੱਨ ਵੱਲੋਂ ਕੀਤੇ ਇੱਕ ਅਧਿਐਨ ਮੁਤਾਬਕ ਭਾਰਤ ਵਿਚ ਦਾਜ ਖਿਲਾਫ਼ ਕਾਨੂੰਨ ਹੋਣ ਦੇ ਬਾਵਜੂਦ ਦਾਜ ਕਾਰਨ ਵੱਡੀ ਗਿਣਤੀ ਵਿਚ ਔਰਤਾਂ ਦੇ ਕਤਲ ਹੋ ਰਹੇ ਹਨ। ਅਧਿਐਨ ਮੁਤਾਬਕ ਵਿਸ਼ਵ ਭਰ ਵਿਚ ਔਰਤਾਂ ਲਈ ਉਨ੍ਹਾਂ ਦੇ ਘਰ ਸਭ ਤੋਂ ਵੱਧ ਖਤਰਨਾਕ ਥਾਵਾਂ ਹਨ। ਡਰੱਗਜ਼ ਤੇ ਕ੍ਰਾਈਮ ਬਾਰੇ ਯੂਨਾਈਟਿਡ ਨੇਸ਼ਨਜ਼ ਦੇ ਦਫ਼ਤਰ ਵੱਲੋਂ ਪ੍ਰਕਾਸ਼ਿਤ ਇੱਕ ਨਵੀਂ ਖੋਜ ਮੁਤਾਬਕ ਪਿਛਲੇ ਸਾਲ ਵਿਸ਼ਵ ਭਰ ਵਿਚ ਲਗਪਗ 87,000 ਔਰਤਾਂ ਦੇ ਕਤਲ ਹੋਏ ਸਨ ਅਤੇ ਕਰੀਬ 50,000 ਜਾਂ 58 ਫ਼ੀਸਦੀ ਔਰਤਾਂ ਨੂੰ ਉਨ੍ਹਾਂ ਦੇ ਪਤੀ ਜਾਂ ਪਰਿਵਾਰਕ ਮੈਂਬਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਅਧਿਐਨ ਮੁਤਾਬਕ ਹਰ ਘੰਟੇ ਵਿਚ ਛੇ ਔਰਤਾਂ ਦਾ ਕਤਲ ਉਨ੍ਹਾਂ ਦੇ ਜਾਣ- ਪਛਾਣ ਦੇ ਮੈਂਬਰਾਂ ਵੱਲੋਂ ਕਰ ਦਿੱਤਾ ਜਾਂਦਾ ਹੈ। ਸਾਲ 1995-2013 ਦੇ ਅੰਕੜਿਆਂ ਮੁਤਾਬਕ ਭਾਰਤ ਵਿਚ ਔਰਤਾਂ ਦੇ ਕਤਲ ਦੀ ਦਰ ਸਾਲ 2016 ਵਿਚ 2.8 ਫੀਸਦੀ ਸੀ। ਭਾਰਤ ਵਿਚ 15 ਤੋਂ 49 ਸਾਲ ਦੀਆਂ ਔਰਤਾਂ ਤੇ ਲੜਕੀਆਂ ਵਿਚੋਂ 33.5 ਫ਼ੀਸਦੀ ਨੇ ਆਪਣੀ ਜ਼ਿੰਦਗੀ ਵਿਚ ਸਰੀਰਕ ਹਿੰਸਾ ਦਾ ਇੱਕ ਵਾਰ ਅਤੇ 18.9 ਫ਼ੀਸਦੀ ਨੇ ਪਿਛਲੇ 12 ਮਹੀਨਿਆਂ ਵਿਚ ਇੱਕ ਵਾਰ ਸਾਹਮਣਾ ਕਰਨਾ ਪਿਆ ਸੀ।
ਭਾਰਤ ਵਿਚ ਦਾਜ ਕਾਰਨ ਹੋਣ ਵਾਲੇ ਕਤਲ ਧਿਆਨਦੇਣਯੋਗ ਵਿਸ਼ਾ ਹੈ। ਅਧਿਐਨ ਮੁਤਾਬਕ ਕੌਮੀ ਅਪਰਾਧ ਰਿਕਾਰਡ ਬਿਓਰੋ ਤੋਂ ਦਾਜ ਕਾਰਨ ਹੋਏ ਕਤਲਾਂ ਸਬੰਧੀ ਮਿਲੇ ਅੰਕੜਿਆਂ ਮੁਤਾਬਕ ਭਾਰਤ ਵਿਚ ਹਰ ਸਾਲ ਹੋਣ ਵਾਲੇ ਔਰਤਾਂ ਦੇ ਕਤਲਾਂ ਵਿਚੋਂ 40 ਤੋਂ 50 ਫ਼ੀਸਦੀ ਦਾਜ ਕਾਰਨ ਹੋਣ ਵਾਲੇ ਕਤਲ ਹੁੰਦੇ ਹਨ।

Previous articleਕੁਲਗਾਮ ਵਿਚ ਤਿੰਨ ਅਤਿਵਾਦੀ ਅਤੇ ਇੱਕ ਫ਼ੌਜੀ ਹਲਾਕ
Next articleਕਰਜ਼ ਮੁਆਫ਼ੀ ਦੇ ਰਾਹੁਲ ਦੇ ਵਾਅਦੇ ਦਾ ਜੇਤਲੀ ਨੇ ਮਜ਼ਾਕ ਉਡਾਇਆ