ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਵਲੋਂ ਅੱਜ ਊੜੀਸ਼ਾ ਦੀ ਚਾਂਦੀਪੁਰ ਟੈਸਟ ਰੇਂਜ ਤੋਂ ਕੁਇੱਕ ਰੀਐਕਸ਼ਨ ਸਰਫੇਸ ਟੂ ਏਅਰ ਮਿਜ਼ਾਈਲ (ਕਿਊਆਰ ਐੱਸਏਐੱਮ) ਦੀ ਸਫ਼ਲ ਪਰਖ ਕੀਤੀ ਗਈ। ਇਹ ਮਿਜ਼ਾਈਲ 30 ਕਿਲੋਮੀਟਰ ਤੱਕ ਜ਼ਮੀਨ ਤੋਂ ਹਵਾ ਵਿੱਚ ਮਾਰ ਕਰ ਸਕਦੀ ਹੈ, ਜਿਸ ਕਾਰਨ ਇਸ ਦੇ ਵਪਾਰਕ ਊਤਪਾਦ ਲਈ ਰਾਹ ਪੱਧਰਾ ਹੁੰਦਾ ਹੈ।
ਰੱਖਿਆ ਮੰਤਰਾਲੇ ਨੇ ਬਿਆਨ ਰਾਹੀਂ ਦੱਸਿਆ, ‘‘ਕਿਊਆਰਐੱਸਏਐੱਮ ਪ੍ਰਣਾਲੀ ਨੇ ਦਰਮਿਆਨੀ ਰੇਂਜ ਅਤੇ ਦਰਮਿਆਨੀ ਊਚਾਈ ’ਤੇ ਬਾਨਸ਼ੀ ਪਾਇਲਟ ਰਹਿਤ ਹਵਾਈ ਜਹਾਜ਼ ’ਤੇ ਸਿੱਧਾ ਨਿਸ਼ਾਨਾ ਲਾ ਕੇ ਅਹਿਮ ਮੀਲ ਪੱਥਰ ਪ੍ਰਾਪਤ ਕਰ ਲਿਆ ਹੈ।’’ ਇਹ ਪਰਖ ਊੜੀਸ਼ਾ ਦੇ ਤਟੀ ਖੇਤਰ ਵਿੱਚ ਬਾਅਦ ਦੁਪਹਿਰ 3:50 ਵਜੇ ਕੀਤੀ ਗਈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਡੀਆਰਡੀਓ (ਰੱਖਿਆ ਖੋਜ ਅਤੇ ਵਿਕਾਸ ਸੰਸਥਾ) ਦੇ ਚੇਅਰਮੈਨ ਜੀ. ਸਤੀਸ਼ ਰੈਡੀ ਨੇ ਡੀਆਰਡੀਓ ਦੇ ਵਿਗਿਆਨੀਆਂ ਨੂੰ ਮਿਜ਼ਾਈਲ ਦੀ ਸਫ਼ਲ ਪਰਖ ਦੀ ਵਧਾਈ ਦਿੱਤੀ ਹੈ।