ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੌਰੇ ਤੋਂ ਪਹਿਲਾਂ ਸ਼ਿਕਾਇਤ ਦੇ ਲਹਿਜ਼ੇ ’ਚ ਕਿਹਾ ਹੈ ਕਿ ਭਾਰਤ ਵਪਾਰ ਦੇ ਮੁੱਦੇ ’ਤੇ ਅਮਰੀਕਾ ਨੂੰ ਕਈ ਵਰ੍ਹਿਆਂ ਤੋਂ ਭਾਰੀ ਟੈਕਸ ਲਗਾ ਕੇ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਦੌਰੇ ’ਤੇ ਅਮਰੀਕੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਾਰੋਬਾਰ ਬਾਰੇ ਗੱਲਬਾਤ ਕਰਨਗੇ। ਟਰੰਪ ਅਤੇ ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ, ਜਵਾਈ ਜੇਰਡ ਕੁਸ਼ਨਰ ਅਤੇ ਹੋਰ ਅਧਿਕਾਰੀ 24 ਅਤੇ 25 ਫਰਵਰੀ ਨੂੰ ਅਹਿਮਦਾਬਾਦ, ਆਗਰਾ ਅਤੇ ਨਵੀਂ ਦਿੱਲੀ ਦੇ ਦੌਰੇ ’ਤੇ ਆ ਰਹੇ ਹਨ। ਕੋਲੋਰਾਡੋ ’ਚ ਵੀਰਵਾਰ ਨੂੰ ‘ਕੀਪ ਅਮੈਰਿਕਾ ਗ੍ਰੇਟ’ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ,‘‘ਮੈਂ ਅਗਲੇ ਹਫ਼ਤੇ ਭਾਰਤ ਜਾ ਰਿਹਾ ਹਾਂ ਅਤੇ ਅਸੀਂ ਵਪਾਰ ਬਾਰੇ ਗੱਲਬਾਤ ਕਰਾਂਗੇ। ਉਹ (ਭਾਰਤ) ਕਈ ਸਾਲਾਂ ਤੋਂ ਸਾਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਆ ਰਹੇ ਹਨ।’’ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਸੰਦ ਕਰਦੇ ਹਨ ਅਤੇ ਉਹ ਉਨ੍ਹਾਂ ਨਾਲ ਵਪਾਰ ਸਮਝੌਤੇ ਬਾਰੇ ਗੱਲਬਾਤ ਕਰਨਗੇ।
ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਵਿਚਕਾਰ ਬਹੁਤ ਵੱਡਾ ਵਪਾਰਕ ਸਮਝੌਤਾ ਹੋ ਸਕਦਾ ਹੈ ਪਰ ਸੰਕੇਤ ਦਿੱਤੇ ਕਿ ਜੇਕਰ ਉਨ੍ਹਾਂ ਨੂੰ ਸਮਝੌਤਾ ਚੰਗਾ ਨਾ ਲੱਗਾ ਤਾਂ ਇਸ ਦੀ ਪ੍ਰਕਿਰਿਆ ਧੀਮੀ ਕਰ ਦਿੱਤੀ ਜਾਵੇਗੀ ਅਤੇ ਚੋਣਾਂ ਤੋਂ ਬਾਅਦ ਇਸ ਨੂੰ ਤੈਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਪਸੰਦ ਕਰਨ ਜਾਂ ਨਾ ਪਰ ਅਸੀਂ ਕਰਾਰ ਦੌਰਾਨ ਅਮਰੀਕਾ ਨੂੰ ਪਹਿਲਾਂ ਰੱਖਾਂਗੇ। ਜ਼ਿਕਰਯੋਗ ਹੈ ਕਿ ਵਣਜ ਮੰਤਰੀ ਪਿਯੂਸ਼ ਗੋਇਲ ਅਤੇ ਅਮਰੀਕੀ ਵਪਾਰ ਨੁਮਾਇੰਦੇ ਰੌਬਰਟ ਲਿਗਥੀਜ਼ਰ ਵਿਚਕਾਰ ਪਿਛਲੇ ਕੁਝ ਹਫ਼ਤਿਆਂ ਦੌਰਾਨ ਟੈਲੀਫੋਨ ’ਤੇ ਸੰਭਾਵਿਤ ਵਪਾਰ ਸਮਝੌਤੇ ’ਤੇ ਦਸਤਖ਼ਤ ਕਰਨ ਬਾਰੇ ਗੱਲਬਾਤ ਹੋ ਰਹੀ ਹੈ।
ਕੋਲੋਰਾਡੋ ’ਚ ਟਰੰਪ ਨੇ ਕਿਹਾ,‘‘ਮੈਂ ਸੁਣਿਆ ਹੈ ਕਿ ਇਕ ਕਰੋੜ ਲੋਕ ‘ਨਮਸਤੇ ਟਰੰਪ’ ਰੈਲੀ ’ਚ ਆ ਰਹੇ ਹਨ। ਦੁਨੀਆਂ ਦੇ ਸਭ ਤੋਂ ਵੱਡੇ ਸਟੇਡੀਅਮਾਂ ’ਚੋਂ ਇਕ ਦੇ ਰੂਟ ’ਤੇ 60 ਲੱਖ ਤੋਂ ਇਕ ਕਰੋੜ ਲੋਕ ਸਵਾਗਤ ਲਈ ਆਉਣਗੇ। ਅਹਿਮਦਾਬਾਦ ਰੈਲੀ ਮੈਨੂੰ ਵਿਗਾੜ ਦੇਵੇਗੀ।’’ ਉਨ੍ਹਾਂ ਕਿਹਾ ਕਿ ਜੇਕਰ ਇਕ ਕਰੋੜ ਲੋਕ ਭਾਰਤ ’ਚ ਇਕੱਠੇ ਹੋਣਗੇ ਤਾਂ ਸਿਰਫ਼ 60 ਹਜ਼ਾਰ ਸੀਟਾਂ ਵਾਲਾ ਸਟੇਡੀਅਮ ਭਰ ਕੇ ਉਹ ਸੰਤੁਸ਼ਟ ਕਿਵੇਂ ਹੋਣਗੇ? ਉਨ੍ਹਾਂ ਵੱਡਾ ਸਟੇਡੀਅਮ ਉਸਾਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਅਹਿਮਦਾਬਾਦ ’ਚ 70 ਲੱਖ ਲੋਕ ਉਨ੍ਹਾਂ ਦਾ ਸਵਾਗਤ ਕਰਨਗੇ ਪਰ ਹੁਣ ਉਨ੍ਹਾਂ ਇਹ ਗਿਣਤੀ ਵਧਾ ਕੇ ਇਕ ਕਰੋੜ ਦੱਸੀ ਹੈ।
HOME ਭਾਰਤ ਵਪਾਰ ’ਚ ਅਮਰੀਕਾ ਨੂੰ ਬਹੁਤ ਨੁਕਸਾਨ ਪਹੁੰਚਾ ਰਿਹੈ: ਟਰੰਪ