ਭਾਰਤ ਲੜਖੜਾਇਆ, ਆਸਟਰੇਲੀਆ ਜਿੱਤ ਦੇ ਨੇੜੇ

ਆਸਟਰੇਲੀਆ ਨੇ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ 287 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੇ ਭਾਰਤ ਦੀਆਂ ਅੱਜ ਦੂਜੀ ਪਾਰੀ ਵਿੱਚ ਪੰਜ ਵਿਕਟਾਂ 112 ਦੌੜਾਂ ’ਤੇ ਹੀ ਲੈ ਲਈਆਂ। ਇਸ ਲਈ ਉਸ ਨੂੰ ਜਿੱਤ ਲਈ ਪੰਜ ਵਿਕਟਾਂ ਦੀ ਲੋੜ ਹੈ। ਨਾਥਨ ਲਿਓਨ ਅਤੇ ਜੋਸ਼ ਹੇਜ਼ਲਵੁੱਡ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਦੂਜੇ ਪਾਸੇ ਭਾਰਤ ਨੇ ਜਿੱਤ ਲਈ 175 ਦੌੜਾਂ ਬਣਾਉਣੀਆਂ ਹਨ, ਜਦਕਿ ਉਸ ਦੀਆਂ ਪੰਜ ਵਿਕਟਾਂ ਹੀ ਬਚੀਆਂ ਹਨ। ਦਿਨ ਦੀ ਖੇਡ ਖ਼ਤਮ ਹੋਣ ਤੱਕ ਹਨੁਮਾ ਵਿਹਾਰੀ 24, ਜਦਕਿ ਰਿਸ਼ਭ ਪੰਤ ਨੌਂ ਦੌੜਾਂ ਬਣਾ ਕੇ ਖੇਡ ਰਹੇ ਸਨ। ਐਡੀਲੇਡ ਟੈਸਟ 31 ਦੌੜਾਂ ਨਾਲ ਜਿੱਤ ਕੇ ਭਾਰਤ ਚਾਰ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਚੱਲ ਰਿਹਾ ਹੈ। ਹੁਣ ਆਸਟਰੇਲੀਆ ਕੋਲ ਜਿੱਤ ਦਰਜ ਕਰਕੇ ਲੜੀ 1-1 ਨਾਲ ਬਰਾਬਰ ਕਰਨ ਦਾ ਵਧੀਆ ਮੌਕਾ ਹੈ। ਪਰਥ ਦੇ ਨਵੇਂ ਸਟੇਡੀਅਮ ਦੀ ਉਛਾਲ ਅਤੇ ਟਰਨ ਲੈਂਦੀ ਪਿੱਚ ’ਤੇ ਦੂਜੀ ਪਾਰੀ ਵਿੱਚ ਲਿਓਨ (30 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਹੇਜ਼ਲਵੁੱਡ (24 ਦੌੜਾਂ ਦੇ ਕੇ ਦੋ ਵਿਕਟਾਂ) ਨੇ ਵੀ ਭਾਰਤ ਨੂੰ ਕਾਫੀ ਪ੍ਰੇਸ਼ਾਨ ਕੀਤਾ। ਮਿਸ਼ੇਲ ਸਟਾਰਕ ਨੇ 28 ਦੌੜਾਂ ਦੇ ਕੇ ਇੱਕ ਵਿਕਟ ਲਈ। ਪਹਿਲੀ ਪਾਰੀ ਵਿੱਚ 43 ਦੌੜਾਂ ਦੀ ਲੀਡ ਹਾਸਲ ਕਰਨ ਵਾਲੇ ਆਸਟਰੇਲੀਆ ਨੇ ਦੂਜੀ ਪਾਰੀ ਵਿੱਚ 243 ਦੌੜਾਂ ਬਣਾਈਆਂ। ਉਸਮਾਨ ਖਵਾਜਾ ਨੇ 72 ਦੌੜਾਂ ਅਤੇ ਕਪਤਾਨ ਟਿਮ ਪੇਨ 37 ਦੌੜਾਂ ਦੀ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ। ਟੀਮ ਨੇ ਪਾਰੀ ਦੀ ਚੌਥੀ ਹੀ ਗੇਂਦ ’ਤੇ ਲੋਕੇਸ਼ ਰਾਹੁਲ ਦੀ ਵਿਕਟ ਗੁਆ ਲਈ, ਜੋ ਖਾਤਾ ਵੀ ਨਹੀਂ ਖੋਲ੍ਹ ਸਕਿਆ। ਉਹ ਮਿਸ਼ੇਲ ਸਟਾਰਕ ਦੀ ਗੇਂਦ ਨੂੰ ਵਿਕਟਾਂ ’ਤੇ ਖੇਡ ਗਿਆ। ਐਡੀਲੇਡ ਵਿੱਚ ਪਹਿਲੇ ਟੈਸਟ ਵਿੱਚ ਭਾਰਤ ਦੀ ਜਿੱਤ ਦਾ ਹੀਰੋ ਰਿਹਾ ਚੇਤੇਸ਼ਵਰ ਪੁਜਾਰਾ ਵੀ ਚਾਰ ਦੌੜਾਂ ਬਣਾਉਣ ਮਗਰੋਂ ਹੇਜ਼ਲਵੁੱਡ ਦੀ ਗੇਂਦ ’ਤੇ ਵਿਕਟਕੀਪਰ ਟਿਮ ਪੇਨ ਨੂੰ ਕੈਚ ਦੇ ਬੈਠਿਆ। ਵਿਜੈ ਅਤੇ ਕਪਤਾਨ ਵਿਰਾਟ ਕੋਹਲੀ (17 ਦੌੜਾਂ) ਨੇ ਚਾਹ ਦੇ ਆਰਾਮ ਮਗਰੋਂ 13 ਓਵਰਾਂ ਤੱਕ ਆਸਟਰੇਲੀਆ ਦੇ ਗੇਂਦਬਾਜ਼ਾਂ ਹੱਥ ਕੋਈ ਸਫਲਤਾ ਨਹੀਂ ਲੱਗਣ ਦਿੱਤੀ। ਪਹਿਲੀ ਪਾਰੀ ਵਿੱਚ ਪੰਜ ਵਿਕਟਾਂ ਲੈਣ ਵਾਲੇ ਆਫ ਸਪਿੰਨਰ ਨਾਥਨ ਲਿਓਨ ਨੇ ਕੋਹਲੀ ਦੀ ਵਿਕਟ ਲੈ ਕੇ ਵਿਜੈ ਨਾਲ ਉਸ ਦੀ 35 ਦੌੜਾਂ ਦੀ ਸਾਂਝੇਦਾਰੀ ਤੋੜੀ। ਅਜਿੰਕਿਆ ਰਹਾਣੇ (30 ਦੌੜਾਂ) ਨੇ ਸਟਾਰਕ ਦੀ ਗੇਂਦ ’ਤੇ ਚੌਕਾ ਮਾਰ ਕੇ ਭਾਰਤ ਦਾ ਸਕੋਰ 50 ਦੌੜਾਂ ਕੀਤਾ। ਵਿਜੈ ਵੀ 20 ਦੌੜਾਂ ਬਣਾਉਣ ਮਗਰੋਂ ਲਿਓਨ ਦੀ ਗੇਂਦ ’ਤੇ ਆਊਟ ਹੋ ਗਿਆ। ਇਸ ਤੋਂ ਪਹਿਲਾਂ ਆਸਟਰੇਲੀਆ ਦੀ ਟੀਮ ਇੱਕ ਸਮੇਂ ਵੱਡੇ ਸਕੋਰ ਵੱਲ ਵਧਦੀ ਦਿਸ ਰਹੀ ਸੀ, ਪਰ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਕਰਨ ਵਾਲੇ ਮੁਹੰਮਦ ਸ਼ਮੀ (56 ਦੌੜਾਂ ਦੇ ਕੇ ਛੇ ਵਿਕਟਾਂ) ਅਤੇ ਜਸਪ੍ਰੀਤ ਬੁਮਰਾਹ (39 ਦੌੜਾਂ ਦੇ ਕੇ ਤਿੰਨ ਵਿਕਟਾਂ) ਦੀ ਬਦੌਲਤ ਭਾਰਤ ਨੇ ਉਸ ਨੂੰ 250 ਦੌੜਾਂ ਤੋਂ ਘੱਟ ਦੇ ਸਕੋਰ ’ਤੇ ਢੇਰ ਕਰ ਦਿੱਤਾ। ਸ਼ਮੀ ਨੇ ਚੌਥੀ ਵਾਰ ਪੰਜ ਤੋਂ ਵੱਧ ਵਿਕਟਾਂ ਲਈਆਂ। ਆਸਟਰੇਲੀਆ ਨੇ ਇੱਕ ਸਮੇਂ 15 ਦੌੜਾਂ ’ਤੇ ਪੰਜ ਵਿਕਟਾਂ ਗੁਆ ਲਈਆਂ ਸਨ, ਪਰ ਹੇਜ਼ਲਵੁੱਡ (ਨਾਬਾਦ 17 ਦੌੜਾਂ) ਅਤੇ ਸਟਾਰਕ (14 ਦੌੜਾਂ) ਨੇ ਆਖ਼ਰੀ ਵਿਕਟ ਲਈ 36 ਦੌੜਾਂ ਜੋੜ ਕੇ ਟੀਮ ਦੀ ਲੀਡ ਨੂੰ 300 ਦੌੜਾਂ ਦੇ ਕਰੀਬ ਪਹੁੰਚਾਇਆ।

Previous articleਸਿੱਖ ਕਤਲੇਆਮ ਪੀੜਤਾਂ ਨੇ ਸਾਰੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਮੰਗੀ
Next articleਯੁਵਰਾਜ ਸਿੰਘ ਦੀ ਸਾਖ਼ ਦਾਅ ’ਤੇ