ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ 10 ਮੁਲਕਾਂ ਦੇ ਆਸੀਆਨ ਸਮੂਹ ਨਾਲ ਸਮਾਜਿਕ, ਡਿਜੀਟਲ ਅਤੇ ਵਿੱਤੀ ਖੇਤਰਾਂ ਵਿੱਚ ਸੰਪਰਕ ਵਧਾਊਣਾ ਭਾਰਤ ਦੀ ਮੁੱਖ ਤਰਜੀਹ ਹੈ। ਊਨ੍ਹਾਂ ਇਹ ਟਿੱਪਣੀਆਂ ਭਾਰਤ ਅਤੇ ਆਸੀਆਨ ਵਿਚਾਲੇ ਵਰਚੁਅਲ ਸੰਮੇਲਨ ਮੌਕੇ ਕੀਤੀਆਂ। ਮੋਦੀ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਖੇਤਰ ਵਿੱਚ ਸੁਰੱਖਿਆ ਅਤੇ ਵਿਕਾਸ ਲਈ ਇਕਸਾਰ ਅਤੇ ਜਵਾਬਦੇਹ ਆਸੀਆਨ ਦੀ ਲੋੜ ਹੈ।’’
ਊਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੇ ‘ਇੰਡੋ ਪੈਸੇਫਿਕ ਮਹਾਸਾਗਰ ਊਪਰਾਲਿਆਂ’ ਅਤੇ ਆਸੀਆਨ ਦੇ ‘ਇੰਡੋ ਪੈਸੇਫਿਕ ਬਾਰੇ ਨਜ਼ਰੀਏ’ ਵਿੱਚ ਕਈ ਸਮਾਨਤਾਵਾਂ ਹਨ। ਊਨ੍ਹਾਂ ਕਿਹਾ, ‘‘ਭਾਰਤ ਅਤੇ ਆਸੀਆਨ ਵਿਚਾਲੇ ਹਰ ਤਰ੍ਹਾਂ ਦਾ ਸੰਪਰਕ— ਭੌਤਿਕ, ਆਰਥਿਕ, ਸਮਾਜਿਕ, ਡਿਜੀਟਲ, ਵਿੱਤੀ, ਸਮੁੰਦਰੀ— ਵਧਾਊਣਾ ਸਾਡੇ ਲਈ ਮੁੱਖ ਤਰਜੀਹ ਹੈ। ਪਿਛਲੇ ਕੁਝ ਸਾਲਾਂ ਵਿੱਚ ਅਸੀਂ ਇਨ੍ਹਾਂ ਸਾਰੇ ਖੇਤਰਾਂ ਵਿੱਚ ਕਰੀਬ ਆੲੇ ਹਾਂ।’’ ਭਾਰਤ ਸਣੇ ਕਈ ਮੁਲਕ ਜਿਵੇਂ ਅਮਰੀਕਾ, ਚੀਨ, ਜਪਾਨ ਅਤੇ ਆਸਟੇਰਲੀਆ ਇਸ ਦੇ ਵਾਰਤਾ ਭਾਈਵਾਲ ਹਨ।