ਭਾਰਤ, ਬੰਗਲਾਦੇਸ਼ ਅਤਿਵਾਦ ਨਾਲ ਨਜਿੱਠਣ ਲਈ ਇਕਜੁੱਟ ਹੋਣ: ਮੋਦੀ

 

ਬੰਗਲਾਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ

ਢਾਕਾ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਤੇ ਬੰਗਲਾਦੇਸ਼ ਨੂੰ ਚੌਕਸ ਰਹਿਣਾ ਚਾਹੀਦਾ ਹੈ ਤੇ ਅਤਿਵਾਦ ਵਰਗੇ ਖ਼ਤਰੇ ਨਾਲ ਇਕਜੁੱਟ ਹੋ ਕੇ ਨਜਿੱਠਣਾ ਚਾਹੀਦਾ ਹੈ। ਬੰਗਲਾਦੇਸ਼ ਦੇ 50ਵੇਂ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਮੌਕੇ ਭਾਰਤੀ ਪ੍ਰਧਾਨ ਮੰਤਰੀ ਨੇ ‘ਬੰਗਬੰਧੂ’ ਸ਼ੇਖ ਮਜੀਬੁਰ ਰਹਿਮਾਨ ਦੀ ਅਗਵਾਈ ਨੂੰ ਸਿਜਦਾ ਕੀਤਾ। ਇਸ ਮੌਕੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਰਾਸ਼ਟਰਪਤੀ ਅਬਦੁਲ ਹਾਮਿਦ ਵੀ ਹਾਜ਼ਰ ਸਨ।

ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਕੋਲ ਲੋਕਤੰਤਰ ਦੀ ਤਾਕਤ ਹੈ ਤੇ ਅੱਗੇ ਵਧਣ ਦਾ ਸਪੱਸ਼ਟ ਨਜ਼ਰੀਆ ਹੈ। ਪ੍ਰਧਾਨ ਮੰਤਰੀ ਨੇ ਬੰਗਲਾਦੇਸ਼ ਦੀ ਆਜ਼ਾਦੀ ਲਈ ਭਾਰਤੀ ਫ਼ੌਜ ਵੱਲੋਂ ਨਿਭਾਈ ਭੂਮਿਕਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ 1971 ਦੀ ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੀ ਜਾਨ ‘ਸੱਚ ਦੀ ਰਾਖੀ ਕਰਦਿਆਂ ਤੇ ਅਨਿਆਂ ਖ਼ਿਲਾਫ਼ ਲੜਦਿਆਂ’ ਵਾਰ ਦਿੱਤੀ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਦੀ ਆਜ਼ਾਦੀ ਦੀ ਇਹ ਜੰਗ ਪਾਕਿਸਤਾਨ ਖ਼ਿਲਾਫ਼ ਲੜੀ ਗਈ ਸੀ। ਢਾਕਾ ਤੋਂ 35 ਕਿਲੋਮੀਟਰ ਦੂਰ ਸਾਵਰ ਵਿਚ ਭਾਰਤੀ ਪ੍ਰਧਾਨ ਮੰਤਰੀ ਨੇ ਸ਼ਹੀਦਾਂ ਦੀ ਯਾਦਗਾਰ ’ਤੇ ਫੁੱਲਾਂ ਦੀ ਮਾਲਾ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਅੰਗਰੇਜ਼ੀ ਤੇ ਬੰਗਾਲੀ ਭਾਸ਼ਾਵਾਂ ਵਿਚ ਟਵੀਟ ਕਰਦਿਆਂ ਕਿਹਾ ਕਿ ਸ਼ਹੀਦਾਂ ਦਾ ਸੰਘਰਸ਼ ਤੇ ਬਲੀਦਾਨ ਪ੍ਰੇਰਿਤ ਕਰਨ ਵਾਲਾ ਹੈ।

ਇਸ ਮੌਕੇ ਪ੍ਰਧਾਨ ਮੰਤਰੀ ਨੇ ਸ਼ਹੀਦਾਂ ਦੀ ਯਾਦ ਵਿਚ ਬੂਟਾ ਵੀ ਲਾਇਆ। ਸ਼ਹੀਦੀ ਯਾਦਗਾਰ ਦੇ ਦੌਰੇ ਦੌਰਾਨ ਵਿਜ਼ਟਰ ਬੁੱਕ ਵਿਚ ਆਪਣੇ ਵਿਚਾਰ ਦਰਜ ਕਰਦਿਆਂ ਮੋਦੀ ਨੇ ਲਿਖਿਆ ‘ਮੈਂ ਬੰਗਲਾਦੇਸ਼ ਦੇ ਦੇਸ਼ਭਗਤ ਸ਼ਹੀਦਾਂ ਨੂੰ ਦਿਲੋਂ ਸਿਜਦਾ ਕਰਦਾ ਹਾਂ ਜਿਨ੍ਹਾਂ ਦੇ ਬਲੀਦਾਨ ਸਦਕਾ ਇਸ ਮਹਾਨ ਦੇਸ਼ ਦਾ ਜਨਮ ਹੋਇਆ। ਇਨ੍ਹਾਂ ਸ਼ਹੀਦਾਂ ਦੀ ਦਲੇਰੀ ਅਗਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ ਤੇ ਉਹ ਸਚਾਈ ਤੇ ਨਿਆਂ ਖਾਤਰ ਲੜਨ ਲਈ ਹਮੇਸ਼ਾ ਅੱਗੇ ਹੋਣਗੇ।’ ਪ੍ਰਧਾਨ ਮੰਤਰੀ ਮੋਦੀ ਨੇ ਮਗਰੋਂ ਬੰਗਲਾਦੇਸ਼ ਦੇ ਸੱਤਾਧਾਰੀ ਗੱਠਜੋੜ ਅਤੇ ਵਿਰੋਧੀ ਧਿਰ ਦੇ ਆਗੂਆਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਕਈ ਦੁਵੱਲੇ ਮਾਮਲਿਆਂ ’ਤੇ ਗੱਲਬਾਤ ਕੀਤੀ ਗਈ ਤੇ ਇਹ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਕੇਂਦਰਿਤ ਰਹੀ। ਮੋਦੀ ਨੇ ਕਈ ਫ਼ਿਰਕਿਆਂ ਦੇ ਆਗੂਆਂ ਨਾਲ, ਘੱਟ ਗਿਣਤੀਆਂ ਦੇ ਨੁਮਾਇੰਦਿਆਂ ਨਾਲ ਤੇ ਬੰਗਲਾਦੇਸ਼ ਆਜ਼ਾਦੀ ਜੰਗ ਦੇ ਯੋਧਿਆਂ ਨਾਲ ਵੀ ਮੁਲਾਕਾਤ ਕੀਤੀ।

Previous articleਕਿਸਾਨਾਂ ਦੇ ਹੱਕ ਵਿੱਚ ਭਾਰਤ ਰਿਹਾ ਬੰਦ
Next articleਮੁਖਤਾਰ ਅੰਸਾਰੀ ਨੂੰ ਯੂਪੀ ਪੁਲੀਸ ਹਵਾਲੇ ਕਰਨ ਦੇ ਹੁਕਮ