ਭਾਰਤ-ਪਾਕਿ ਵਿਚੋਲਗੀ ਤੋਂ ਪਾਸੇ ਹੋਏ ਟਰੰਪ

ਅਮਰੀਕਾ ਵਿੱਚ ਭਾਰਤੀ ਸਫ਼ੀਰ ਹਰਸ਼ਨ ਵਰਧਨ ਸ਼੍ਰਿੰਗਲਾ ਨੇ ਅੱਜ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਵਲੋਂ ਕਸ਼ਮੀਰ ਵਿਵਾਦ ’ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਕਰਾਉਣ ਲਈ ਕੀਤੀ ਪੇਸ਼ਕਸ਼ ਦਾ ਮੁੱਦਾ ਹੁਣ ਨਹੀਂ ਵਿਚਾਰਿਆ ਜਾਵੇਗਾ।
ਫੌਕਸ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਵਿੱਚ ਸ਼੍ਰਿੰਗਲਾ ਨੇ ਕਿਹਾ, ‘‘ਰਾਸ਼ਟਰਪਤੀ ਟਰੰਪ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਵਲੋਂ ਜੰਮੂ ਕਸ਼ਮੀਰ ਮਾਮਲੇ ’ਤੇ ਦਖ਼ਲ ਦੇਣ ਦਾ ਰੱਖਿਆ ਗਿਆ ਪ੍ਰਸਤਾਵ ਦੋਵਾਂ ਮੁਲਕਾਂ ਭਾਰਤ ਅਤੇ ਪਾਕਿਸਤਾਨ ਦੀ ਪ੍ਰਵਾਨਗੀ ’ਤੇ ਆਧਾਰਿਤ ਹੋਵੇਗਾ।
ਭਾਰਤ ਨੇ ਇਸ ਪ੍ਰਸਤਾਵ ਨੂੰ ਮਨਜ਼ੂਰ ਨਹੀਂ ਕੀਤਾ, ਇਸ ਕਰਕੇ ਰਾਸ਼ਟਰਪਤੀ ਟਰੰਪ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਮਸਲਾ ਹੁਣ ਨਹੀਂ ਵਿਚਾਰਿਆ ਜਾਵੇਗਾ। ਇਹ ਹੀ ਅਮਰੀਕਾ ਦੀ ਲੰਬੇ ਸਮੇਂ ਤੋਂ ਨੀਤੀ ਰਹੀ ਹੈ।’’
ਦੱਸਣਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਮਰੀਕਾ ਦੌਰੇ ਦੌਰਾਨ ਟਰੰਪ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕਸ਼ਮੀਰ ਮਸਲੇ ’ਤੇ ਦਖ਼ਲ ਦੇਣ ਲਈ ਆਖਿਆ ਹੈ। ਇਸ ’ਤੇ ਭਾਰਤ ਨੇ ਅਜਿਹੀ ਕੋਈ ਵੀ ਅਪੀਲ ਕੀਤੇ ਜਾਣ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਸਲੇ ਦੁਵੱਲੇ ਤੌਰ ’ਤੇ ਹੱਲ ਕਰਨ ਸਬੰਧੀ ਸਮਝੌਤੇ ਹੋਏ ਹਨ।

Previous articleਪੰਜਾਬ ’ਚ ਸਵਾ ਦੋ ਸਾਲ ’ਚ ਪੁਲੀਸ ਹਿਰਾਸਤ ’ਚ ਹੋਈਆਂ 13 ਮੌਤਾਂ
Next articleਕੇਰਲ ’ਚ ਹੜ੍ਹਾਂ ਤੇ ਮੀਂਹ ਨਾਲ ਹੁਣ ਤੱਕ 86 ਮੌਤਾਂ