ਭਾਰਤ ਅਤੇ ਪਾਕਿਸਤਾਨ ’ਚ ਵਧਦੇ ਤਣਾਅ ਦਰਮਿਆਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਬੁੱਧਵਾਰ ਨੂੰ ਉਮੀਦ ਜਤਾਈ ਕਿ ਭਾਰਤੀ ਅਤੇ ਪਾਕਿਸਤਾਨੀ ਲੀਡਰਸ਼ਿਪ ਸੂਝ-ਬੂਝ ਨਾਲ ਕੰਮ ਲਏਗੀ ਅਤੇ ਉਹ ਆਰਥਿਕ ਵਿਕਾਸ ਵੱਲ ਪਰਤਣਗੇ। ਇਥੇ ਤੀਨ ਮੂਰਤੀ ਭਵਨ ’ਚ ਸਮਾਗਮ ਦੌਰਾਨ ਉਨ੍ਹਾਂ ਇਹ ਗੱਲ ਆਖੀ। ਸਮਾਗਮ ’ਚ ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ‘ਪਹਿਲੇ ਪੀ ਵੀ ਨਰਸਿਮ੍ਹਾ ਰਾਓ ਕੌਮੀ ਲੀਡਰਸ਼ਿਪ ਅਤੇ ਲਾਈਫਟਾਈਮ ਉਪਲੱਬਧੀ ਪੁਰਸਕਾਰ’ ਪ੍ਰਦਾਨ ਕੀਤਾ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਨੂੰ ਵਰ੍ਹਿਆਂ ਤਕ ਪ੍ਰੇਰਿਤ ਕਰਦਾ ਰਹੇਗਾ।
ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਦੀ ਮੁੱਖ ਸਮੱਸਿਆ ਵਧਦੀ ਗਰੀਬੀ ਅਤੇ ਬਿਮਾਰੀਆਂ ਹਨ ਜਿਸ ਨਾਲ ਲੱਖਾਂ ਲੋਕ ਪ੍ਰਭਾਵਤ ਹੁੰਦੇ ਹਨ ਅਤੇ ਦੋਵੇਂ ਮੁਲਕ ਇਨ੍ਹਾਂ ਵੱਲ ਧਿਆਨ ਦੇਣਗੇ। ਸ੍ਰੀ ਮੁਖਰਜੀ ਨੇ ਸ੍ਰੀ ਰਾਓ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦੌਰਾਨ ਡਾ. ਮਨਮੋਹਨ ਸਿੰਘ ਵਲੋਂ ਵਿੱਤ ਮੰਤਰੀ ਵਜੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਕਿਹਾ 1990ਵਿਆਂ ਦੌਰਾਨ ਭਾਰਤੀ ਅਰਥਚਾਰੇ ਦੇ ਉਦਾਰੀਕਰਨ ਲਈ ਉਨ੍ਹਾਂ ਵਲੋਂ ਪਾਏ ਯੋਗਦਾਨ ਨੂੰ ਯਾਦ ਰੱਖਿਆ ਜਾਵੇਗਾ। ਡਾ. ਮਨਮੋਹਨ ਸਿੰਘ ਤੇ ਸ੍ਰੀ ਮੁਖਰਜੀ ਦੋਵਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਤਿਹਾਸ ਸ੍ਰੀ ਰਾਓ ਨੂੰ ਬਿਹਤਰ ਤਰੀਕੇ ਨਾਲ ਪਰਖੇਗਾ।
INDIA ਭਾਰਤ-ਪਾਕਿ ਲੀਡਰਸ਼ਿਪ ਸੂਝ-ਬੂਝ ਤੋਂ ਕੰਮ ਲਵੇ: ਮਨਮੋਹਨ ਸਿੰਘ