ਭਾਰਤ ਨੇ ਬੰਗਲਾਦੇਸ਼ ਨੂੰ 10 ਡੀਜ਼ਲ ਇੰਜਣ ਸੌਂਪੇ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਨੇ ਅੱਜ ਬੰਗਲਾਦੇਸ਼ ਨੂੰ 10 ਰੇਲ ਡੀਜ਼ਲ ਇੰਜਣ ਸੌਂਪੇ ਹਨ। ਦੋਵੇਂ ਮੁਲਕਾਂ ’ਚ ਦੁਵੱਲੇ ਆਰਥਿਕ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਤਹਿਤ ਇਹ ਉਪਰਾਲਾ ਕੀਤਾ ਗਿਆ ਹੈ। ਡੀਜ਼ਲ ਇੰਜਣਾਂ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਆਨਲਾਈਨ ਝੰਡੀ ਦਿਖਾ ਕੇ ਬੰਗਲਾਦੇਸ਼ ਲਈ ਰਵਾਨਾ ਕੀਤਾ।

ਬੰਗਲਾਦੇਸ਼ ਤੋਂ ਆਨਲਾਈਨ ਸਮਾਗਮ ’ਚ ਉਥੋਂ ਦੇ ਰੇਲ ਮੰਤਰੀ ਮੁਹੰਮਦ ਨੂਰੁਲ ਇਸਲਾਮ ਸੁਜਾਨ ਅਤੇ ਵਿਦੇਸ਼ ਮੰਤਰੀ ਅਬੁਲ ਕਲਾਮ ਅਬਦੁਲ ਮੋਮਿਨ ਨੇ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ’ਚ ਸ੍ਰੀ ਜੈਸ਼ੰਕਰ ਨੇ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਗੂੜ੍ਹੇ ਰਿਸ਼ਤਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਖੁਸ਼ੀ ਜਤਾਈ ਕਿ ਕੋਵਿਡ-19 ਮਹਾਮਾਰੀ ਦੁਵੱਲੇ ਸਹਿਯੋਗ ਦੀ ਰਫ਼ਤਾਰ ਨੂੰ ਮੱਠਾ ਨਹੀਂ ਕਰ ਸਕੀ ਹੈ।

ਉਨ੍ਹਾਂ ਮੌਜੂਦਾ ਵਰ੍ਹੇ ਬੰਗਬੰਧੂ ਸ਼ੇਖ ਮੁਜੀਬਰ ਰਹਿਮਾਨ ਦੀ ਜਨਮ ਸ਼ਤਾਬਦੀ ਮੌਕੇ ਅਜਿਹੇ ਹੋਰ ‘ਮੀਲ ਪੱਥਰ’ ਸਥਾਪਤ ਕਰਨ ਦਾ ਭਰੋਸਾ ਜਤਾਇਆ। ਰੇਲ ਮੰਤਰੀ ਗੋਇਲ ਨੇ ਕਿਹਾ ਕਿ ਡੀਜ਼ਲ ਇੰਜਣਾਂ ਨਾਲ ਬੰਗਲਾਦੇਸ਼ ਨੂੰ ਵੱਧ ਰਹੇ ਰੇਲ ਮੁਸਾਫ਼ਰਾਂ ਨੂੰ ਸਹੂਲਤ ਦੇਣ ’ਚ ਸਹਾਇਤਾ ਮਿਲੇਗੀ।

Previous articleਬਾਦਲਾਂ ਨੂੰ ਕਿਸਾਨੀ ਵੰਗਾਰ: ਭਾਜਪਾ ਨਾਲੋਂ ਸਾਂਝ ਤੋੜੋ
Next articleਭਾਰਤ ਤੇ ਇੰਡੋਨੇਸ਼ੀਆ ਵੱਲੋਂ ਰੱਖਿਆ ਸਮਝੌਤੇ ਵਧਾਉਣ ਬਾਰੇ ਚਰਚਾ