ਭਾਰਤੀ ਫ਼ੌਜ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਬੁੱਧਵਾਰ ਨੂੰ ਮੁਲਕ ਦੇ ਫ਼ੌਜੀ ਟਿਕਾਣਿਆਂ ਨੂੰ ਐਫ-16 ਜਹਾਜ਼ਾਂ ਨਾਲ ਨਿਸ਼ਾਨਾ ਬਣਾਇਆ। ਪਾਕਿਸਤਾਨ ਵੱਲੋਂ ਇਸ ਬਾਬਤ ਝੂਠ ਬੋਲੇ ਜਾਣ ’ਤੇ ਭਾਰਤੀ ਹਵਾਈ ਫ਼ੌਜ ਨੇ ਸਬੂਤ ਵਜੋਂ ਅਮਰਾਮ ਮਿਜ਼ਾਈਲਾਂ ਦੇ ਟੁਕੜੇ ਦਿਖਾਏ ਜੋ ਐਫ-16 ਜਹਾਜ਼ਾਂ ’ਤੇ ਹੀ ਫਿਟ ਹੁੰਦੀਆਂ ਹਨ। ਏਅਰ ਵਾਈਸ ਮਾਰਸ਼ਲ ਆਰ ਜੀ ਕੇ ਕਪੂਰ ਨੇ ਕਿਹਾ ਕਿ ਪਾਕਿਸਤਾਨ ਦੀ ਹਵਾਈ ਸੈਨਾ ਵੱਲੋਂ ਦਾਗ਼ੇ ਗਏ ਬੰਬ ਭਾਰਤ ਦੇ ਫ਼ੌਜੀ ਟਿਕਾਣਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕੇ। ਜਲ, ਥਲ ਅਤੇ ਹਵਾਈ ਸੈਨਾਵਾਂ ਦੇ ਤਿੰਨ ਅਧਿਕਾਰੀਆਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਪਾਕਿਸਤਾਨ ਦੇ ਦਾਅਵਿਆਂ ਨੂੰ ਝੂਠਾ ਸਾਬਿਤ ਕੀਤਾ। ਅਸਿਸਟੈਂਟ ਚੀਫ਼ ਆਫ਼ ਏਅਰ ਸਟਾਫ਼ ਜੀ ਕੇ ਕਪੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਲਾਕੋਟ ’ਚ ਕੀਤੇ ਗਏ ਹਮਲੇ ਦੀ ਸਫ਼ਲਤਾ ਬਾਰੇ ਸਬੂਤ ਦੇਣ ਦਾ ਫ਼ੈਸਲਾ ਸਿਆਸੀ ਲੀਡਰਸ਼ਿਪ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਨਿਸ਼ਾਨੇ ਫੁੰਡੇ ਜਾਣ ਬਾਰੇ ਪੁਖ਼ਤਾ ਜਾਣਕਾਰੀ ਅਤੇ ਸਬੂਤ ਹਨ ਪਰ ਜਾਨੀ ਅਤੇ ਹੋਰ ਨੁਕਸਾਨ ਦਾ ਅਜੇ ਅੰਦਾਜ਼ਾ ਲਾਉਣਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਉਹ ਇਸ ਗੱਲੋਂ ਖੁਸ਼ ਹਨ ਕਿ ਪਾਕਿਸਤਾਨ ਵੱਲੋਂ ਫੜੇ ਗਏ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ ਭਲਕੇ ਮੁਲਕ ਵਾਪਸੀ ਹੋ ਰਹੀ ਹੈ। ਉਨ੍ਹਾਂ ਅਭਿਨੰਦਨ ਦੀ ਵਾਪਸੀ ਨੂੰ ਮਾਹੌਲ ਸੁਖਾਵਾਂ ਬਣਾਉਣ ਨਾਲ ਜੋੜਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਇਹ ਕਦਮ ਜਨੇਵਾ ਕਨਵੈਨਸ਼ਨ ਦੀ ਤਰਜ਼ ’ਤੇ ਉਠਾਉਣਾ ਪੈ ਰਿਹਾ ਹੈ। ਥਲ ਸੈਨਾ ਦੇ ਮੇਜਰ ਜਨਰਲ ਐਸ ਐਸ ਮਾਹਲ ਨੇ ਕਿਹਾ ਕਿ ਪਾਕਿਸਤਾਨ ਨੇ ਤਣਾਅ ਦਾ ਮਾਹੌਲ ਵਧਾਇਆ ਪਰ ਜੇਕਰ ਦੁਸ਼ਮਣ ਨੇ ਹੁਣ ਹੋਰ ਕੋਈ ਭੜਕਾਊ ਕਾਰਵਾਈ ਕੀਤੀ ਤਾਂ ਭਾਰਤੀ ਸੈਨਾ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ। ਜਲ ਸੈਨਾ ਦੇ ਰੀਅਰ ਐਡਮਿਰਲ ਦਲਬੀਰ ਸਿੰਘ ਗੁਜਰਾਲ ਨੇ ਕਿਹਾ ਕਿ ਪਾਕਿਸਤਾਨ ਨੇ ਜੇਕਰ ਸਮੁੰਦਰੀ ਪਾਣੀਆਂ ’ਚ ਕੋਈ ਗੁਸਤਾਖੀ ਕੀਤੀ ਤਾਂ ਉਹ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਹਨ।
INDIA ਭਾਰਤ ਨੇ ਪਾਕਿ ਦੇ ਐਫ-16 ਜਹਾਜ਼ ਦੇ ਸਬੂਤ ਦਿੱਤੇ