ਭਾਰਤ ਨੇ ਵੈਸਟ ਇੰਡੀਜ਼ ਖ਼ਿਲਾਫ਼ ਇੱਥੇ ਈਡਨ ਗਾਰਡਨਜ਼ ਵਿੱਚ ਖੇਡਿਆ ਗਿਆ ਪਹਿਲਾ ਟੀ-20 ਕੌਮਾਂਤਰੀ ਮੈਚ ਪੰਜ ਵਿਕਟਾਂ ਨਾਲ ਜਿੱਤ ਲਿਆ ਹੈ। ਕੁਲਦੀਪ ਯਾਦਵ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਵੈਸਟ ਇੰਡੀਜ਼ ਨੂੰ ਅੱਠ ਵਿਕਟਾਂ ’ਤੇ 109 ਦੌੜਾਂ ਦੇ ਸਕੋਰ ’ਤੇ ਢੇਰ ਕਰ ਦਿੱਤਾ ਅਤੇ ਫਿਰ ਪੰਜ ਵਿਕਟਾਂ ਗੁਆ ਕੇ ਇਹ ਟੀਚਾ ਪੂਰਾ ਕਰ ਲਿਆ। ਭਾਰਤ ਦੇ ਬੱਲੇਬਾਜ਼ ਦਿਨੇਸ਼ ਕਾਰਤਿਕ (31) ਅਤੇ ਕਰੁਨਾਲ ਪਾਂਡ (21) ਨਾਬਾਦ ਰਹੇ।
ਕੁਲਦੀਪ ਯਾਦਵ ਨੇ 13 ਦੌੜਾਂ ਦੇ ਕੇ ਤਿੰਨ ਅਤੇ ਕਰੁਣਾਲ ਪੰਡਿਆ ਨੇ 15 ਦੌੜਾਂ ਦੇ ਇੱਕ ਵਿਕਟ ਲਈ। ਦੋਵਾਂ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਸਾਹਮਣੇ ਵੈਸਟ ਇੰਡੀਜ਼ ਦਾ ਮੱਧਕ੍ਰਮ ਟਿਕ ਨਹੀਂ ਸਕਿਆ, ਜਿਸ ਕਾਰਨ ਮਹਿਮਾਨ ਟੀਮ ਨੇ ਭਾਰਤ ਖ਼ਿਲਾਫ਼ ਆਪਣਾ ਹੁਣ ਤਕ ਦਾ ਸਭ ਤੋਂ ਘੱਟ ਸਕੋਰ ਬਣਾਇਆ। ਪਲੇਠਾ ਟੀ-20 ਮੈਚ ਖੇਡ ਰਹੇ ਖਲੀਲ ਅਹਿਮਦ (16 ਦੌੜਾਂ), ਜਸਪ੍ਰੀਤ ਬਮਰਾਹ (27 ਦੌੜਾਂ) ਅਤੇ ਉਮੇਸ਼ ਯਾਦਵ (36 ਦੌੜਾਂ ਦੇ ਕੇ) ਨੇ ਇੱਕ-ਇੱਕ ਵਿਕਟ ਲਈ। ਇਸ ਤੋਂ ਪਹਿਲਾਂ ਭਾਰਤ ਖ਼ਿਲਾਫ਼ ਵੈਸਟ ਇੰਡੀਜ਼ ਦਾ ਘੱਟ ਤੋਂ ਘੱਟ ਸਕੋਰ ਸੱਤ ਵਿਕਟਾਂ ’ਤੇ 129 ਦੌੜਾਂ ਸੀ, ਜੋ ਉਸ ਨੇ ਮਾਰਚ 2014 ਵਿੱਚ ਢਾਕਾ ਵਿੱਚ ਬਣਾਇਆ ਸੀ। ਵੈਸਟ ਇੰਡੀਜ਼ ਵੱਲੋਂ ਸਿਰਫ਼ ਫਾਬੀਆਨ ਐਲਨ (27 ਦੌੜਾਂ) ਹੀ 20 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕਿਆ। ਕੀਮੋ ਪਾਲ ਨਾਬਾਦ 15 ਦੌੜਾਂ ਬਣਾ ਕੇ ਟੀਮ ਦਾ ਦੂਜਾ ਸਰਵੋਤਮ ਸਕੋਰਰ ਰਿਹਾ।
ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ, ਜਿਸ ਮਗਰੋਂ ਗੇਂਦਬਾਜ਼ਾਂ ਨੇ ਉਸ ਨੂੰ ਚੰਗੀ ਸ਼ੁਰੂਆਤ ਦਿਵਾਈ। ਵੈਸਟ ਇੰਡੀਜ਼ ਦੀ ਟੀਮ ਪਾਵਰ ਪਲੇਅ ਦੇ ਛੇ ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 31 ਦੌੜਾਂ ਹੀ ਬਣਾ ਸਕੀ। ਸਲਾਮੀ ਬੱਲੇਬਾਜ਼ ਸ਼ਾਈ ਹੋਪ (14) ਨੇ ਉਮੇਸ਼ ਦੇ ਪਹਲੇ ਓਵਰ ਵਿੱਚ ਦੋ ਚੌਕੇ ਮਾਰੇ, ਪਰ ਇਸ ਤੇਜ਼ ਗੇਂਦਬਾਜ਼ ਨੇ ਆਪਣੇ ਅਗਲੇ ਓਵਰ ਵਿੱਚ ਦਿਨੇਸ਼ ਰਾਮਦੀਨ (ਚਾਰ) ਨੂੰ ਆਊਟ ਕਰ ਦਿੱਤਾ। ਸ਼ਿਮਰੋਨ ਹੈਟਮਾਇਰ (ਦਸ) ਨੇ ਉਮੇਸ਼ ’ਤੇ ਚੌਕੇ ਨਾਲ ਖਾਤਾ ਖੋਲ੍ਹਿਆ, ਪਰ ਹੋਪ ਉਸ ਨਾਲ ਗ਼ਲਤਫਹਿਮੀ ਦਾ ਸ਼ਿਕਾਰ ਹੋ ਕੇ ਰਨ ਆਊਟ ਹੋ ਗਿਆ। ਹੈਟਮਾਇਰ ਵੀ ਇਸ ਮਗਰੋਂ ਬਮਰਾਹ ਦੀ ਗੇਂਦ ਨੂੰ ਹਵਾ ਵਿੱਚ ਲਹਿਰਾ ਗਿਆ ਅਤੇ ਕਾਰਤਿਕ ਨੇ ਸ਼ਾਰਟ ਫਾਈਨ ਲੈੱਗ ਵੱਲ ਦੌੜਦਿਆਂ ਆਸਾਨ ਕੈਚ ਲਿਆ।
Sports ਭਾਰਤ ਨੇ ਪਹਿਲਾ ਟੀ-20 ਮੈਚ ਜਿੱਤਿਆ