ਅੰਬਾਤੀ ਰਾਇਡੂ ਦੀ ਔਖੀਆਂ ਹਾਲਤਾਂ ਵਿੱਚ ਖੇਡੀ ਗਈ ਸ਼ਾਨਦਾਰ ਨੀਮ ਸੈਂਕੜਾ ਪਾਰੀ ਅਤੇ ਹਾਰਦਿਕ ਪੰਡਿਆ ਦੇ ਹਰਫ਼ਨਮੌਲਾ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਪੰਜਵੇਂ ਅਤੇ ਆਖ਼ਰੀ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਨਿਊਜ਼ੀਲੈਂਡ ਨੂੰ 35 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 4-1 ਨਾਲ ਜਿੱਤ ਲਈ ਹੈ। ਅੰਬਾਤੀ ਰਾਇਡੂ (113 ਗੇਂਦਾਂ ਵਿੱਚ 90 ਦੌੜਾਂ) ਨੂੰ ‘ਪਲੇਅਰ ਆਫ ਦਾ ਮੈਚ’ ਅਤੇ ਮੁਹੰਮਦ ਸ਼ਮੀ ਨੂੰ ‘ਪਲੇਅਰ ਆਫ ਦਿ ਸੀਰੀਜ਼’ ਦਿੱਤਾ ਗਿਆ। ਭਾਰਤ ਦੀ 1967 ਮਗਰੋਂ ਨਿਊਜ਼ੀਲੈਂਡ ਖ਼ਿਲਾਫ਼ ਉਸ ਦੇ ਘਰ ਵਿੱਚ ਇਹ ਸਭ ਤੋਂ ਵੱਡੀ ਜਿੱਤ ਹੈ।
ਭਾਰਤ ਦਾ ਸੀਨੀਅਰ ਕ੍ਰਮ ਅੱਜ ਫਿਰ ਅਸਫਲ ਰਿਹਾ। ਇੱਕ ਸਮੇਂ ਮੇਜ਼ਬਾਨ ਦੀਆਂ 18 ਦੌੜਾਂ ਤੱਕ ਚਾਰ ਵਿਕਟਾਂ ਉਡ ਗਈਆਂ ਸਨ। ਅੰਬਾਤੀ ਰਾਇਡੂ ਨੇ ਵਿਜੈ ਸ਼ੰਕਰ (64 ਗੇਂਦਾਂ ’ਤੇ 45 ਦੌੜਾਂ) ਨਾਲ ਪੰਜਵੀਂ ਵਿਕਟ ਲਈ 98 ਅਤੇ ਕੇਦਾਰ ਜਾਧਵ (45 ਗੇਂਦਾਂ ’ਤੇ 34 ਦੌੜਾਂ) ਨਾਲ ਛੇਵੀਂ ਵਿਕਟ ਲਈ 74 ਦੌੜਾਂ ਦੀਆਂ ਸਾਂਝੇਦਾਰੀਆਂ ਕਾਰਨ ਭਾਰਤ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ। ਪੰਡਿਆ ਨੇ 22 ਗੇਂਦਾਂ ’ਤੇ ਪੰਜ ਛੱਕਿਆਂ ਦੀ ਮਦਦ ਨਾਲ 45 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਨਾਲ ਭਾਰਤ ਨੇ 49.5 ਓਵਰਾਂ ਵਿੱਚ 252 ਦੌੜਾਂ ਬਣਾਈਆਂ। ਭਾਰਤੀ ਮੱਧਕ੍ਰਮ ’ਤੇ ਚੰਗੇ ਪ੍ਰਦਰਸ਼ਨ ਦਾ ਦਬਾਅ ਸੀ ਅਤੇ ਇਸ ਮੈਚ ਵਿੱਚ ਰਾਇਡੂ ਦੀ ਪਾਰੀ ਨੇ ਵੱਡਾ ਫ਼ਰਕ ਪੈਦਾ ਕੀਤਾ। ਇਸ ਤਰ੍ਹਾਂ ਭਾਰਤ ਮੈਟ ਹੈਨਰੀ (35 ਦੌੜਾਂ ਦੇ ਕੇ ਚਾਰ ਵਿਕਟਾਂ) ਅਤੇ ਟ੍ਰੈਂਟ ਬੋਲਟ (39 ਦੌੜਾਂ ਦੇ ਕੇ ਤਿੰਨ ਵਿਕਟਾਂ) ਦੇ ਝਟਕਿਆਂ ਦੇ ਬਾਵਜੂਦ ਚੁਣੌਤੀਪੂਰਨ ਸਕੋਰ ਖੜ੍ਹਾ ਕਰਨ ਵਿੱਚ ਸਫਲ ਰਿਹਾ।
ਨਿਊਜ਼ੀਲੈਂਡ ਦੀ ਟੀਮ ਇਸ ਦੇ ਜਵਾਬ ਵਿੱਚ 44.1 ਓਵਰ ਵਿੱਚ 217 ਦੌੜਾਂ ਹੀ ਬਣਾ ਸਕੀ। ਉਸ ਦੇ ਲਈ ਜੇਮਜ਼ ਨੀਸ਼ਾਮ ਨੇ ਸਭ ਤੋਂ ਵੱਧ 44 ਦੌੜਾਂ ਬਣਾਈਆਂ। ਮੁਹੰਮਦ ਸ਼ਮੀ (35 ਦੌੜਾਂ ਦੇ ਕੇ ਦੋ ਵਿਕਟਾਂ) ਨੇ ਨਿਊਜ਼ੀਲੈਂਡ ਦੇ ਸੀਨੀਅਰ ਕ੍ਰਮ ਨੂੰ ਝੰਜੋੜਿਆ, ਜਦਕਿ ਯੁਜ਼ਵੇਂਦਰ ਚਾਹਲ (41 ਦੌੜਾਂ ਦੇ ਕੇ ਤਿੰਨ ਵਿਕਟਾਂ), ਪੰਡਿਆ (50 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਜਾਧਵ (34 ਦੌੜਾਂ ਦੇ ਕੇ ਇੱਕ ਵਿਕਟ) ਨੇ ਕਿਵੀ ਬੱਲੇਬਾਜ਼ਾਂ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ।
ਸ਼ਮੀ ਨੇ ਦੋਵੇਂ ਸਲਾਮੀ ਬੱਲੇਬਾਜ਼ਾਂ ਹੈਨਰੀ ਨਿਕੋਲਸ (ਅੱਠ ਦੌੜਾਂ) ਅਤੇ ਕੋਲਿਨ ਮੁਨਰੋ (24 ਦੌੜਾਂ) ਨੂੰ ਟਿਕਣ ਦਾ ਜ਼ਿਆਦਾ ਸਮਾਂ ਨਹੀਂ ਦਿੱਤਾ। ਪੰਡਿਆ ਨੇ ਰੋਸ ਟੇਲਰ (ਇੱਕ ਦੌੜ) ਨੂੰ ਐਲਬੀਡਬਲਯੂ ਆਊਟ ਕੀਤਾ, ਜਿਸ ਕਾਰਨ ਸਕੋਰ ਤਿੰਨ ਵਿਕਟਾਂ ’ਤੇ 38 ਦੌੜਾਂ ਹੋ ਗਿਆ। ਕਪਤਾਨ ਕੇਨ ਵਿਲੀਅਮਸਨ (39 ਦੌੜਾਂ) ਅਤੇ ਟੌਮ ਲੈਥਮ (37 ਦੌੜਾਂ) ਨੇ ਵਿਚਕਾਰਲੇ 15 ਓਵਰਾਂ ਤੱਕ ਕੋਈ ਵਿਕਟ ਨਹੀਂ ਡਿੱਗਣ ਦਿੱਤੀ ਅਤੇ 67 ਦੌੜਾਂ ਦੀ ਸਾਂਝੇਦਾਰੀ ਕੀਤੀ। ਉਸ ਨੂੰ ਜਾਧਵ ਨੇ ਸ਼ਿਖਰ ਧਵਨ ਹੱਥੋਂ ਕੈਚ ਕਰਵਾਇਆ। ਚਾਹਲ ਨੇ ਇਸ ਮਗਰੋਂ ਲੈਥਮ ਅਤੇ ਨਵੇਂ ਬੱਲੇਬਾਜ਼ ਕੋਲਿਨ ਡਿ ਗ੍ਰੈਂਡਹੋਮ (11 ਦੌੜਾਂ) ਨੂੰ ਐਲਬੀਡਬਲਯੂ ਆਊਟ ਕਰਕੇ ਕਿਵੀ ਟੀਮ ਨੂੰ ਬੈਕਫੁਟ ’ਤੇ ਭੇਜ ਦਿੱਤਾ। ਨੀਸ਼ਾਮ ਦੇ ਰਨ ਆਊਟ ਹੋਣ ਨਾਲ ਨਿਊਜ਼ੀਲੈਂਡ ਦੀਆਂ ਉਮੀਦਾਂ ਟੁੱਟ ਗਈਆਂ। ਜਾਧਵ ਨੇ ਨੀਸ਼ਾਮ ਖ਼ਿਲਾਫ਼ ਐਲਬੀਡਬਲਯੂ ਦੀ ਅਪੀਲ ਕੀਤੀ, ਜਿਸ ਨੂੰ ਅੰਪਾਇਰ ਨੇ ਠੁਕਰਾ ਦਿੱਤਾ। ਬੱਲੇਬਾਜ਼ ਅੱਗੇ ਨਿਕਲ ਗਿਆ, ਪਰ ਮਹਿੰਦਰ ਸਿੰਘ ਧੋਨੀ ਚੌਕਸ ਸੀ ਅਤੇ ਉਸ ਨੇ ਰਨ ਆਊਟ ਕਰਨ ’ਚ ਦੇਰ ਨਹੀਂ ਲਾਈ। ਇਸ ਮਗਰੋਂ ਭਾਰਤ ਦੀ ਜਿੱਤ ਪੱਕੀ ਹੋ ਗਈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੁਣ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਬੁੱਧਵਾਰ ਤੋਂ ਸ਼ੁਰੂ ਹੋਵੇਗੀ।
HOME ਭਾਰਤ ਨੇ ਨਿਊਜ਼ੀਲੈਂਡ ਤੋਂ ਇੱਕ ਰੋਜ਼ਾ ਮੈਚਾਂ ਦੀ ਲੜੀ 4-1 ਨਾਲ ਜਿੱਤੀ