ਮੁਹੰਮਦ ਸ਼ਮੀ ਅਤੇ ਰਵਿੰਦਰ ਜਡੇਜਾ ਵੱਲੋਂ ਝਟਕਾਈਆਂ ਨੌਂ ਵਿਕਟਾਂ ਦੀ ਬਦੌਲਤ ਭਾਰਤ ਨੇ ਪਹਿਲੇ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ ਅੱਜ ਇੱਥੇ ਦੱਖਣੀ ਅਫਰੀਕਾ ਨੂੰ 203 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਹਾਸਲ ਕਰ ਲਈ। ਦੋਵਾਂ ਪਾਰੀਆਂ ਵਿੱਚ ਸੈਂਕੜੇ ਜੜਨ ਵਾਲੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ।
ਭਾਰਤ ਦੇ 395 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਦੀ ਟੀਮ ਸ਼ਮੀ (35 ਦੌੜਾਂ ਦੇ ਕੇ ਪੰਜ ਵਿਕਟਾਂ) ਅਤੇ ਜਡੇਜਾ (87 ਦੌੜਾਂ ਦੇ ਕੇ ਚਾਰ ਵਿਕਟਾਂ) ਦੀ ਗੇਂਦਬਾਜ਼ੀ ਸਾਹਮਣੇ 63.5 ਓਵਰਾਂ ਵਿੱਚ 191 ਦੌੜਾਂ ’ਤੇ ਢੇਰ ਹੋ ਗਈ। ਰਵੀਚੰਦਰਨ ਅਸ਼ਵਿਨ ਨੇ ਵੀ 44 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ। ਸ਼ਮੀ ਨੇ ਕਰੀਅਰ ਵਿੱਚ ਚੌਥੀ ਵਾਰ ਪਾਰੀ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਕਟਾਂ ਲਈਆਂ।
ਦੱਖਣੀ ਅਫਰੀਕਾ ਦੀ ਹਾਰ ਦਾ ਫ਼ਰਕ ਹੋਰ ਜ਼ਿਆਦਾ ਹੁੰਦਾ, ਜੇਕਰ ਸੱਤਵੇਂ ਨੰਬਰ ਅਤੇ ਦਸਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਉਤਰੇ ਕ੍ਰਮਵਾਰ ਸੈਨੂਰਨ ਮੁਥੂਸਾਮੀ (108 ਗੇਂਦਾਂ ਵਿੱਚ ਨਾਬਾਦ 49 ਦੌੜਾਂ) ਅਤੇ ਡੇਨ ਪੀਟ (107 ਗੇਂਦਾਂ ਵਿੱਚ 56 ਦੌੜਾਂ) ਨੇ ਨੌਵੀਂ ਵਿਕਟ ਲਈ 91 ਦੌੜਾਂ ਦੀ ਰਿਕਾਰਡ ਭਾਈਵਾਲੀ ਕਰਕੇ ਭਾਰਤ ਨੂੰ ਜਿੱਤ ਦੀ ਉਡੀਕ ਨਾ ਕਰਵਾਈ ਹੁੰਦੀ।
ਮੁਥੂਸਾਮੀ ਅਤੇ ਪੀਟ ਦੀ ਇਸ ਭਾਈਵਾਲੀ ਤੋਂ ਪਹਿਲਾਂ ਭਾਰਤ ਵਿੱਚ ਦੱਖਣੀ ਅਫਰੀਕਾ ਵੱਲੋਂ ਨੌਵੇਂ ਵਿਕਟ ਦੀ ਸਭ ਤੋਂ ਵੱਡੀ ਭਾਈਵਾਲੀ ਦਾ ਰਿਕਾਰਡ ਫੈਨੀ ਡਿਵਿਲੀਅਰਜ਼ ਅਤੇ ਐਲਨ ਡੋਨਾਲਡ ਦੇ ਨਾਮ ਦਰਜ ਸੀ, ਜਿਨ੍ਹਾਂ ਨੇ 60 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਪੀਟ ਵੱਲੋਂ ਲਈਆਂ ਦੌੜਾਂ ਭਾਰਤ ਵਿੱਚ ਚੌਥੀ ਪਾਰੀ ਵਿੱਚ ਅੱਠਵੇਂ ਜਾਂ ਉਸ ਤੋਂ ਹੇਠਲੇ ਕ੍ਰਮ ’ਤੇ ਬੱਲੇਬਾਜ਼ੀ ਕਰਦਿਆਂ ਕਿਸੇ ਖਿਡਾਰੀ ਦਾ ਸਭ ਤੋਂ ਵੱਧ ਸਕੋਰ ਵੀ ਹੈ। ਇਸ ਤੋਂ ਪਹਿਲਾਂ ਦਾ ਰਿਕਾਰਡ ਨਿਊਜ਼ੀਲੈਂਡ ਦੇ ਨਾਥਨ ਐਸਟਲ ਦੇ ਨਾਮ ਸੀ, ਜਿਸ ਨੇ ਅਕਤੂਬਰ 2003 ਵਿੱਚ ਅਹਿਮਦਾਬਾਦ ਵਿੱਚ ਅੱਠਵੇਂ ਨੰਬਰ ’ਤੇ ਬੱਲੇਬਾਜ਼ੀ ਕਰਦਿਆਂ ਨਾਬਾਦ 51 ਦੌੜਾਂ ਬਣਾਈਆਂ ਸਨ। ਭਾਰਤ ਨੂੰ ਇਸ ਜਿੱਤ ਨਾਲ 40 ਅੰਕ ਮਿਲੇ ਅਤੇ ਉਸ ਨੇ ਤਿੰਨ ਮੈਚਾਂ ਵਿੱਚ ਤਿੰਨ ਜਿੱਤਾਂ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਚੋਟੀ ’ਤੇ ਕੁੱਲ 160 ਅੰਕਾਂ ਨਾਲ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਦੱਖਣੀ ਅਫਰੀਕਾ ਦਾ ਚੈਂਪੀਅਨਸ਼ਿਪ ਦਾ ਇਹ ਪਹਿਲਾ ਮੈਚ ਸੀ।
ਦੱਖਣੀ ਅਫਰੀਕਾ ਨੇ ਦਿਨ ਦੀ ਸ਼ੁਰੂਆਤ ਇੱਕ ਵਿਕਟ ’ਤੇ 11 ਦੌੜਾਂ ਨਾਲ ਕੀਤੀ ਅਤੇ ਛੇਤੀ ਹੀ ਉਸ ਨੇ 70 ਦੌੜਾਂ ਤੱਕ ਅੱਠ ਵਿਕਟਾਂ ਗੁਆ ਲਈਆਂ, ਪਰ ਪੀਟ ਅਤੇ ਮੁਥੂਸਾਮੀ ਨੇ ਇਸ ਮਗਰੋਂ ਭਾਰਤ ਦੀ ਜਿੱਤ ਦੀ ਉਡੀਕ ਲੰਮੇਰੀ ਕੀਤੀ। ਸਵੇਰ ਦੇ ਸੈਸ਼ਨ ਵਿੱਚ 15 ਮਿੰਟ ਦਾ ਵਾਧਾ ਵੀ ਕੀਤਾ ਗਿਆ ਤਾਂ ਕਿ ਭਾਰਤ ਜਿੱਤ ਦੀ ਰਸਮ ਪੂਰੀ ਕਰ ਸਕੇ, ਪਰ ਪੀਟ ਅਤੇ ਮੁਥੂਸਾਮੀ ਨੇ ਮੇਜ਼ਬਾਨ ਟੀਮ ਨੂੰ ਨਿਰਾਸ਼ ਕੀਤਾ ।
ਪਹਿਲੇ ਚਾਰ ਦਿਨ ਬੱਲੇਬਾਜ਼ਾਂ ਨੂੰ ਪਿੱਚ ਕਾਰਨ ਜ਼ਿਆਦਾ ਪ੍ਰੇਸ਼ਾਨੀ ਨਹੀਂ ਝੱਲਣੀ ਪਈ, ਪਰ ਪੰਜਵੇਂ ਦਿਨ ਗੇਂਦਬਾਜ਼ ਭਾਰੂ ਰਹੇ। ਅਸ਼ਵਿਨ ਨੇ ਦਿਨ ਦੇ ਦੂਜੇ ਓਵਰ ਵਿੱਚ ਹੀ ਥਿਊਨਿਸ ਡੀ ਬਰੂਨ (ਦਸ ਦੌੜਾਂ) ਨੂੰ ਬੋਲਡ ਕਰਕੇ ਸਭ ਤੋਂ ਤੇਜ਼ 350 ਟੈਸਟ ਵਿਕਟਾਂ ਦੇ ਸ੍ਰੀਲੰਕਾ ਦੇ ਸਪਿੰਨਰ ਮੁਥਈਆ ਮੁਰਲੀਧਰਨ ਦੇ ਰਿਕਾਰਡ ਦੀ ਬਰਾਬਰੀ ਕੀਤੀ। ਇਨ੍ਹਾਂ ਦੋਵਾਂ ਹੀ ਸਪਿੰਨਰਾਂ ਨੇ ਆਪਣੇ 66ਵੇਂ ਟੈਸਟ ਵਿੱਚ ਇਹ ਉਪਲਬਧੀ ਹਾਸਲ ਕੀਤੀ। ਸ਼ਮੀ ਨੇ ਇਸ ਮਗਰੋਂ ਤੇਂਬਾ ਬਾਵੁਮਾ (ਸਿਫ਼ਰ), ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ (13 ਦੌੜਾਂ) ਅਤੇ ਪਹਿਲੀ ਪਾਰੀ ਵਿੱਚ ਸੈਂਕੜਾ ਮਾਰਨ ਵਾਲੇ ਕੁਇੰਟਨ ਡੀਕੌਕ (ਸਿਫ਼ਰ) ਨੂੰ ਬੋਲਡ ਕਰਕੇ ਦੱਖਣੀ ਅਫਰੀਕਾ ਦੇ ਬੱਲੇਬਾਜ਼ੀ ਕ੍ਰਮ ਦਾ ਲੱਕ ਤੋੜ ਦਿੱਤਾ।
ਜਡੇਜਾ ਨੇ ਪਾਰੀ ਦੇ 27ਵੇਂ ਓਵਰ ਵਿੱਚ ਸਲਾਮੀ ਬੱਲੇਬਾਜ਼ ਐਡਨ ਮਾਰਕਰਮ (39 ਦੌੜਾਂ), ਵਰਨੋਨ ਫਿਲੈਂਡਰ (ਸਿਫ਼ਰ) ਅਤੇ ਕੇਸ਼ਵ ਮਹਾਰਾਜ (ਸਿਫ਼ਰ) ਨੂੰ ਬਾਹਰ ਦਾ ਰਸਤਾ ਵਿਖਾਇਆ। ਪੀਟ ਅਤੇ ਮੁਥੂਸਾਮੀ ਨੇ ਇਸ ਮਗਰੋਂ ਲੰਚ ਤੱਕ ਭਾਰਤੀ ਗੇਂਦਬਾਜ਼ਾਂ ਹੱਥ ਕੋਈ ਸਫਲਤਾ ਨਹੀਂ ਲੱਗਣ ਦਿੱਤੀ। ਪੀਟ ਨੇ ਜਡੇਜਾ ’ਤੇ ਡੀਪ ਮਿਡਲਵਿਕਟ ਦੇ ਉਪਰੋਂ ਦੀ ਮੈਚ ਦਾ 36ਵਾਂ ਛੱਕਾ ਮਾਰਿਆ, ਜਿਸ ਨਾਲ ਟੈਸਟ ਮੈਚ ਵਿੱਚ ਸਭ ਤੋਂ ਵੱਧ ਛੱਕਿਆਂ ਦਾ ਨਵਾਂ ਰਿਕਾਰਡ ਬਣਿਆ। ਮੈਚ ਵਿੱਚ ਕੁੱਲ 37 ਛੱਕੇ ਲੱਗੇ। ਪੀਟ ਨੇ ਆਊਟ ਹੋਣ ਤੋਂ ਪਹਿਲਾਂ ਸਪਿੰਨਰ ਰੋਹਿਤ ਸ਼ਰਮਾ ਦੀ ਗੇਂਦ ’ਤੇ ਦੋ ਦੌੜਾਂ ਨਾਲ 86 ਗੇਂਦਾਂ ਵਿੱਚ ਕਰੀਅਰ ਦਾ ਪਹਿਲਾ ਨੀਮ ਸੈਂਕੜਾ ਪੂਰਾ ਕੀਤਾ। ਸ਼ਮੀ ਨੇ ਇਸ ਮਗਰੋਂ ਕੈਗਿਸੋ ਰਬਾਡਾ (18 ਦੌੜਾਂ) ਨੂੰ ਵਿਕਟਕੀਪਰ ਰਿਧੀਮਾਨ ਸਾਹਾ ਹੱਥੋਂ ਕੈਚ ਕਰਵਾ ਕੇ ਭਾਰਤ ਨੂੰ ਜਿੱਤ ਦਿਵਾਈ।
Sports ਭਾਰਤ ਨੇ ਦੱਖਣੀ ਅਫਰੀਕਾ ਤੋਂ ਪਹਿਲਾ ਟੈਸਟ ਮੈਚ ਜਿੱਤਿਆ