ਭਾਰਤ ਨੇ ਟੀ-20 ਲੜੀ ਜਿੱਤੀ

ਸ਼੍ਰੇਅਸ ਅਈਅਰ ਅਤੇ ਕੇਐੱਲ ਰਾਹੁਲ ਦੇ ਨੀਮ-ਸੈਂਕੜਿਆਂ ਅਤੇ ਬਾਅਦ ’ਚ ਰਾਹੁਲ ਚਾਹਰ ਦੀ ਤੇਜ਼ਧਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਤੀਜੇ ਅਤੇ ਫ਼ੈਸਲਾਕੁਨ ਟੀ-20 ਕੌਮਾਂਤਰੀ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ 30 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ। ਭਾਰਤ ਨੇ ਖ਼ਰਾਬ ਸ਼ੁਰੂਆਤ ਤੋਂ ਉਭਰਦਿਆਂ ਪੰਜ ਵਿਕਟਾਂ ਗੁਆ ਕੇ 174 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਬੰਗਲਾਦੇਸ਼ ਟੀਮ 144 ਦੌੜਾਂ ’ਤੇ ਢੇਰ ਹੋ ਗਈ। ਮਹਿਮਾਨ ਟੀਮ ਦੇ ਬੱਲੇਬਾਜ਼ ਮੁਹੰਮਦ ਨਈਮ (81 ਦੌੜਾਂ) ਅਤੇ ਮੁਹੰਮਦ ਮਿਥੁਨ (27 ਦੌੜਾਂ) ਹੀ ਦਹਾਈ ਅੰਕ ਤੱਕ ਪਹੁੰਚ ਸਕੇ। ਭਾਰਤੀ ਗੇਂਦਬਾਜ਼ਾਂ ਦੀਪਕ ਚਾਹਰ ਨੇ ਛੇ ਅਤੇ ਸ਼ਿਵਮ ਦੂਬੇ ਨੇ ਤਿੰਨ ਵਿਕਟਾਂ ਲਈਆਂ, ਜਦੋਂਕਿ ਯੁਜ਼ਵੇਂਦਰ ਚਾਹਲ ਹੱਥ ਇੱਕ ਵਿਕਟ ਲੱਗੀ।
ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ਾਂ ਦੇ ਅਸਫਲ ਰਹਿਣ ਮਗਰੋਂ ਰਾਹੁਲ (35 ਗੇਂਦਾਂ ’ਤੇ 52 ਦੌੜਾਂ) ਅਤੇ ਅਈਅਰ (33 ਗੇਂਦਾਂ ’ਤੇ 62 ਦੌੜਾਂ) ਨੇ ਤੀਜੀ ਵਿਕਟ ਲਈ 59 ਦੌੜਾਂ ਦੀ ਭਾਈਵਾਲੀ ਕੀਤੀ। ਅਈਅਰ ਨੇ ਸ਼ੁਰੂ ਵਿੱਚ ਮਿਲੇ ਜੀਵਨਦਾਨ ਦਾ ਲਾਹਾ ਲੈਂਦਿਆਂ ਆਪਣੀ ਪਾਰੀ ਦੌਰਾਨ ਤਿੰਨ ਚੌਕੇ ਅਤੇ ਪੰਜ ਛੱਕੇ ਜੜੇ। ਬੰਗਲਾਦੇਸ਼ ਲਈ ਸੌਮਿਆ ਸਰਕਾਰ ਨੇ 29 ਦੌੜਾਂ ਦੇ ਕੇ ਅਤੇ ਸ਼ਫ਼ੀਉੱਲ ਇਸਲਾਮ ਨੇ 32 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ।
ਭਾਰਤ ਨੇ ਟਾਸ ਗੁਆਉਣ ਮਗਰੋਂ ਪਾਵਰ-ਪਲੇਅ ਦੌਰਾਨ ਆਪਣੇ ਦੋਵੇਂ ਸਲਾਮੀ ਬੱਲੇਬਾਜ਼ ਵੀ ਗੁਆ ਲਏ। ਇਸ ਸਲਾਮੀ ਜੋੜੀ ਨੇ ਪਿਛਲੇ ਮੈਚ ਵਿੱਚ ਚੰਗੀ ਭਾਈਵਾਲੀ ਨਾਲ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਸੀ। ਰੋਹਿਤ ਸ਼ਰਮਾ (ਦੋ ਦੌੜਾਂ) ਦੂਜੇ ਓਵਰ ਵਿੱਚ ਸ਼ਫ਼ੀਉੱਲ ਇਸਲਾਮ ਦੀ ਗੇਂਦ ਨੂੰ ਵਿਕਟਾਂ ’ਤੇ ਖੇਡ ਗਿਆ। ਇਹ ਓਵਰ ਮੇਡਨ ਵੀ ਰਿਹਾ। ਸ਼ਿਖਰ ਧਵਨ (19 ਦੌੜਾਂ) ’ਤੇ ਵੱਡੀ ਜ਼ਿੰਮੇਵਾਰੀ ਸੀ, ਪਰ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਪਾਵਰ-ਪਲੇਅ ਦੇ ਆਖ਼ਰੀ ਓਵਰ ਵਿੱਚ ਸ਼ਫ਼ੀਉੱਲ ਦੀ ਹੌਲੀ ਗਤੀ ਦੀ ਗੇਂਦ ’ਤੇ ਸ਼ਾਟ ਮਾਰਨ ਦੀ ਕੋਸ਼ਿਸ਼ ਵਿੱਚ ਮਹਿਮੂਦੁੱਲ੍ਹਾ ਨੂੰ ਖ਼ੂਬਸੂਰਤ ਕੈਚ ਦੇ ਦਿੱਤਾ। ਛੇਤੀ ਹੀ ਭਾਰਤ ਦੀ ਤੀਜੀ ਵਿਕਟ ਵੀ ਡਿੱਗ ਜਾਂਦੀ, ਪਰ ਨਵਾਂ ਬੱਲੇਬਾਜ਼ ਅਈਅਰ ਖ਼ੁਸ਼ਕਿਸਮਤ ਰਿਹਾ, ਜਿਸ ਦਾ ਕੈਚ ਅਮੀਨੁਲ ਇਸਲਾਮ ਬਿਪਲਵ ਦੇ ਹੱਥੋਂ ਛੁੱਟ ਗਿਆ। ਰਾਹੁਲ ਨੇ 33 ਗੇਂਦਾਂ ’ਤੇ ਆਪਣੇ ਟੀ-20 ਕੌਮਾਂਤਰੀ ਕਰੀਅਰ ਦਾ ਛੇਵਾਂ ਨੀਮ-ਸੈਂਕੜਾ ਪੂਰਾ ਕੀਤਾ, ਪਰ ਇਸ ਮਗਰੋਂ ਅਲ ਅਮੀਨ ਹੁਸੈਨ (22 ਦੌੜਾਂ ਦੇ ਕੇ ਇੱਕ ਵਿਕਟ) ਦੀ ਗੇਂਦ ’ਤੇ ਕੈਚ ਆਊਟ ਹੋ ਗਿਆ। ਇਸ ਮਗਰੋਂ ਅਈਅਰ ਨੇ ਪਾਰੀ ਨੂੰ ਸੰਭਾਲਿਆ। ਉਸ ਨੇ 27 ਗੇਂਦਾਂ ’ਤੇ ਟੀ-20 ਕੌਮਾਂਤਰੀ ਵਿੱਚ ਆਪਣਾ ਪਹਿਲਾ ਅਰਧ ਸੈਂਕੜਾ ਪੂਰਾ ਕੀਤਾ। ਰਿਸ਼ਭ ਪੰਤ (ਨੌਂ ਗੇਂਦਾਂ ’ਤੇ ਛੇ ਦੌੜਾਂ) ਫਿਰ ਅਸਫਲ ਰਿਹਾ। ਸੌਮਿਆ ਸਰਕਾਰ ਦੀ ਗੇਂਦ ਨੇ ਉਸ ਦੀ ਵਿਕਟ ਦੀਆਂ ਗੁੱਲੀਆਂ ਉਡਾ ਦਿੱਤੀਆਂ। ਇਸੇ ਓਵਰ ਵਿੱਚ ਉਸ ਨੇ ਅਈਅਰ ਦੀ ਵਿਕਟ ਲਈ। ਮਨੀਸ਼ ਪਾਂਡੇ (13 ਗੇਂਦਾਂ ’ਤੇ ਨਾਬਾਦ 22 ਦੌੜਾਂ) ਅਤੇ ਸ਼ਿਵਮ ਦੂਬੇ (ਅੱਠ ਗੇਂਦਾਂ ’ਤੇ ਨਾਬਾਦ ਨੌਂ ਦੌੜਾਂ) ਡੈੱਥ ਓਵਰਾਂ ਦੌਰਾਨ ਤੇਜ਼ੀ ਨਾਲ ਦੌੜਾਂ ਨਹੀਂ ਲੈ ਸਕੇ।

Previous articleਚੱਕਰਵਾਤੀ ਤੂਫ਼ਾਨ ‘ਬੁਲਬੁਲ’ ਕਾਰਨ ਪੱਛਮੀ ਬੰਗਾਲ ’ਚ 10 ਮੌਤਾਂ
Next articleਗੁਰਦੁਆਰਾ ਬੇਰ ਸਾਹਿਬ ਵਿੱਚ ਅੱਜ ਨਤਮਸਤਕ ਹੋਣਗੇ ਸ਼ਾਹ