ਭਾਰਤ ਨੇ ਚੀਨ ਦੇ ਗਲਵਾਨ ਘਾਟੀ ’ਤੇ ਦਾਅਵੇ ਨੂੰ ਮੁੜ ਨਕਾਰਿਆ

ਨਵੀਂ ਦਿੱਲੀ (ਸਮਾਜਵੀਕਲੀ) :  ਪੂਰਬੀ ਲੱਦਾਖ ’ਚ ਸਰਹੱਦ ’ਤੇ ਜਾਰੀ ਤਲਖੀ ਦਰਮਿਆਨ ਸ਼ੁੱਕਰਵਾਰ ਨੂੰ ਭਾਰਤ ਅਤੇ ਚੀਨ ਵਿਚਕਾਰ ਗੱਲਬਾਤ ਦਾ ਨਵਾਂ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਵਿਚਕਾਰ ਭਾਰਤ ਨੇ ਗਲਵਾਨ ਘਾਟੀ ’ਤੇ ਚੀਨ ਦੇ ਦਾਅਵੇ ਨੂੰ ਮੁੜ ਖਾਰਜ ਕਰ ਦਿੱਤਾ ਹੈ।

ਚੀਨ ਵੱਲੋਂ ਅਸਲ ਕੰਟਰੋਲ ਰੇਖਾ ’ਤੇ ਕਈ ਥਾਵਾਂ ਤੋਂ ਆਪਣੀ ਫ਼ੌਜ ਪਿੱਛੇ ਹਟਾਉਣ ਦੇ ਅਮਲ ਵਿਚਕਾਰ ਭਾਰਤ ਨੇ ਅੱਜ ਕਿਹਾ ਹੈ ਕਿ ਉਹ ਗੱਲਬਾਤ ਰਾਹੀਂ ਸਰਹੱਦੀ ਇਲਾਕੇ ’ਚ ਅਮਨ-ਚੈਨ ਅਤੇ ਮੱਤਭੇਦਾਂ ਦੇ ਹੱਲ ਨੂੰ ਲੈ ਕੇ ਆਸਵੰਦ ਹੈ। ਭਾਰਤ ਨੇ ਇਹ ਵੀ ਕਿਹਾ ਕਿ ਉਹ ਆਪਣੀ ਖੁਦਮੁਖਤਿਆਰੀ ਅਤੇ ਇਲਾਕੇ ਦੀ ਅਖੰਡਤਾ ਪ੍ਰਤੀ ਵਚਨਬੱਧ ਹੈ।

ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਆਨਲਾਈਨ ਪ੍ਰੈੱਸ ਬਿਆਨ ’ਚ ਕਿਹਾ ਕਿ ਅਸਲ ਕੰਟਰੋਲ ਰੇਖਾ ਦਾ ਸਖ਼ਤੀ ਨਾਲ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਸਰਹੱਦੀ ਇਲਾਕਿਆਂ ’ਚ ਇਹ ਸ਼ਾਂਤੀ ਅਤੇ ਸਦਭਾਵਨਾ ਦਾ ਮੁੱਖ ਆਧਾਰ ਹੈ।

ਤਰਜਮਾਨ ਨੇ ਕਿਹਾ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਪਿਛਲੇ ਐਤਵਾਰ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੂੰ ਗਲਵਾਨ ਘਾਟੀ ਸਮੇਤ ਅਸਲ ਕੰਟਰੋਲ ਰੇਖਾ ’ਤੇ ਵਾਪਰੀਆਂ ਘਟਨਾਵਾਂ ਸਬੰਧੀ ਭਾਰਤ ਦੀ ਸਥਿਤੀ ਤੋਂ ਜਾਣੂ ਕਰਵਾਇਆ ਸੀ। ਸ੍ਰੀਵਾਸਤਵ ਨੇ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਕੂਟਨੀਤਕ ਅਤੇ ਫ਼ੌਜੀ ਅਧਿਕਾਰੀਆਂ ਵਿਚਕਾਰ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ।

ਉਨ੍ਹਾਂ ਕਿਹਾ ਕਿ ਇਹ ਮੀਟਿੰਗ ਛੇਤੀ ਹੋਣ ਦੀ ਸੰਭਾਵਨਾ ਹੈ। ਉਧਰ ਇਸ ਤੋਂ ਪਹਿਲਾਂ ਚੀਨ ਨੇ ਕਿਹਾ ਕਿ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਗਲਵਾਨ ਘਾਟੀ ਅਤੇ ਹੋਰ ਇਲਾਕਿਆਂ ’ਚ ਚੀਨੀ ਅਤੇ ਭਾਰਤੀ ਫ਼ੌਜਾਂ ਨੇ ਪਿੱਛੇ ਹਟਣ ਲਈ ਢੁਕਵੇਂ ਕਦਮ ਉਠਾਏ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜਿਆਨ ਨੇ ਕਿਹਾ ਕਿ ਹੁਣ ਸਰਹੱਦ ’ਤੇ ਹਾਲਾਤ ਸਥਿਰ ਅਤੇ ਸੁਧਰ ਰਹੇ ਹਨ।

Previous articleਨਿਜ਼ਾਮੂਦੀਨ ਮਰਕਜ਼: ਦਿੱਲੀ ਅਦਾਲਤ ਵਲੋਂ 60 ਮਲੇਸ਼ੀਆ ਵਾਸੀ ਰਿਹਾਅ
Next articleUK Covid-19 deaths rise to 44,602