ਨਵੀਂ ਦਿੱਲੀ (ਸਮਾਜਵੀਕਲੀ)- ਭਾਰਤ ਨੇ ਪਾਕਿਸਤਾਨ ਸਰਕਾਰ ਕੋਲ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਤਕਰੀਬਨ ਅੱਠ ਗੁੰਬਦ ਢਹਿਣ ਦਾ ਮਾਮਲਾ ਚੁੱਕਦਿਆਂ ਇਸ ਦੀ ਜਾਂਚ ਕਰਨ ਲਈ ਆਖਿਆ ਹੈ।
ਸਰਕਾਰੀ ਸੂਤਰਾਂ ਅਨੁਸਾਰ ਭਾਰਤ ਵੱਲੋਂ ਪਾਕਿਸਤਾਨ ਨੂੰ ਕਿਹਾ ਗਿਆ ਕਿ ਗੁਰਦੁਆਰਾ ਸਾਹਿਬ ਦੇ ਗੁੰਬਦ ਢਹਿਣਾ ਸਿੱਖ ਭਾਈਚਾਰੇ ਲਈ ‘ਵੱਡੀ ਚਿੰਤਾ’ ਵਾਲੀ ਗੱਲ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਧਿਆਨ ’ਚ ਰੱਖਦਿਆਂ ਇਹ ਜਾਂਚ ਕੀਤੀ ਜਾਵੇ ਕਿ ਨਵੇਂ ਉਸਾਰੇ ਗਏ ਗੁੰਬਦ ਦੇ ਢਹਿਣ ਦੇ ਕੀ ਕਾਰਨ ਹਨ।
ਉਨ੍ਹਾਂ ਗੁੰਬਦਾਂ ਦੀ ਮੁਰੰਮਤ ਦੀ ਮੰਗ ਵੀ ਕੀਤੀ। ਜ਼ਿਕਰਯੋਗ ਹੈ ਪਿਛਲੇ ਨਵੰਬਰ ਮਹੀਨੇ ਦੋਵਾਂ ਦੇਸ਼ਾਂ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ (ਨਾਰੋਵਾਲ) ਪਾਕਿਸਤਾਨ ਦੇ ਦਰਸ਼ਨਾਂ ਲਈ ਚੜ੍ਹਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦੇ ਡੇਰਾ ਬਾਬਾ ਨਾਨਕ ’ਚ ਕੌਰੀਡੌਰ ਦਾ ਉਦਘਾਟਨ ਕੀਤਾ ਗਿਆ ਸੀ।
ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ’ਚ ਰਾਵੀ ਦਰਿਆ ਨੇੜੇ ਸਥਿਤ ਹੈ। ਇਸ ਦੀ ਡੇਰਾ ਬਾਬਾ ਨਾਨਕ (ਭਾਰਤ) ਤੋਂ ਦੂਰੀ ਲੱਗਪਗ 4 ਕਿਲੋਮੀਟਰ ਹੈ। ਇਸ ਸਥਾਨ ’ਤੇ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖਰੀ ਸਮਾਂ ਬਿਤਾਇਆ ਸੀ।