ਅਮਰੀਕਾ ਨੇ 2.6 ਅਰਬ ਡਾਲਰ ਦੀ ਸੰਭਾਵੀ ਕੀਮਤ ’ਤੇ ਭਾਰਤ ਨੂੰ ਬਹੁਮੰਤਵੀ ਐਮਐਚ 60 ‘ਆਰ’ ਸੀਅ ਹਾਕ ਹੈਲੀਕਾਪਟਰਾਂ ਦੀ ਵਿਕਰੀ ਦੀ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿੰਦ ਮਹਾਸਾਗਰ ਵਿਚ ਚੀਨ ਵੱਲੋਂ ਆਪਣੀ ਫ਼ੌਜ ਦੀ ਮੌਜੂਦਗੀ ਵਧਾਉਣ ਦੇ ਮੱਦੇਨਜ਼ਰ ਇਹ ਹੈਲੀਕਾਪਟਰ ਜ਼ਮੀਨ ਤੇ ਪਣਡੁੱਬੀ ਵਿਰੋਧੀ ਗਤੀਵਿਧੀਆਂ ਵਿਚ ਭਾਰਤੀ ਜਲ ਸੈਨਾ ਦੀ ਸਮਰੱਥਾ ਵਧਾਉਣਗੇ। ਲੌਕਹੀਡ ਮਾਰਟਿਨ ਦੁਆਰਾ ਬਣਾਏ ਗਏ ਇਹ ਹੈਲੀਕਾਪਟਰ ਪਣਡੁੱਬੀਆਂ ਤੇ ਸਮੁੰਦਰੀ ਬੇੜਿਆਂ ’ਤੇ ਸਟੀਕ ਨਿਸ਼ਾਨਾ ਸਾਧਣ ਵਿਚ ਸਮਰੱਥ ਹਨ। ਇਹ ਹੈਲੀਕਾਪਟਰ ਸਮੁੰਦਰ ਵਿਚ ਭਾਲ ਤੇ ਬਚਾਅ ਕਾਰਜਾਂ ਵਿਚ ਵੀ ਫਾਇਦੇਮੰਦ ਹਨ। ਹਾਕ ਹੈਲੀਕਾਪਟਰ ਭਾਰਤ ਦੇ ਪੁਰਾਣੇ ਹੋ ਚੁੱਕੇ ਬਰਤਾਨੀਆ ਵੱਲੋਂ ਨਿਰਮਿਤ ਸੀ ਕਿੰਗ ਹੈਲੀਕਾਪਟਰਾਂ ਦੀ ਥਾਂ ਲੈਣਗੇ। ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਅਮਰੀਕੀ ਸੰਸਦ ਨੂੰ ਸੂਚਿਤ ਕੀਤਾ ਕਿ ਉਸ ਨੇ 24 ਐਮ ਐਚ 60 ਬਹੁਮੰਤਵੀ ਹੈਲੀਕਾਪਟਰਾਂ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਹੈਲੀਕਾਪਟਰਾਂ ਨੂੰ ਲੜਾਕੂ ਸਮੁੰਦਰੀ ਬੇੜਿਆਂ, ਕਰੂਜ਼ਰ ਤੇ ਲੜਾਕੂ ਹਵਾਈ ਜਹਾਜ਼ਾਂ ਨਾਲ ਲੈਸ ਹੋਰ ਸਮੁੰਦਰੀ ਬੇੜਿਆਂ ’ਤੇ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਆਪਣੇ ਨੋਟੀਫਿਕੇਸ਼ਨ ਵਿਚ ਕਾਂਗਰਸ ਨੂੰ ਦੱਸਿਆ ਹੈ ਕਿ ਇਸ ਤਜਵੀਜ਼ਸ਼ੁਦਾ ਵਿਕਰੀ ਦੀ ਮਦਦ ਨਾਲ ਭਾਰਤ ਤੇ ਅਮਰੀਕਾ ਦੇ ਰੱਖਿਆ ਤੇ ਦੁਵੱਲੇ ਸਬੰਧ ਮਜ਼ਬੂਤ ਹੋਣਗੇ। ਇਸ ਨਾਲ ਅਮਰੀਕਾ ਦੀ ਵਿਦੇਸ਼ ਨੀਤੀ ਤੇ ਕੌਮੀ ਸੁਰੱਖਿਆ ਵੀ ਮਜ਼ਬੂਤ ਹੋਵੇਗੀ।
HOME ਭਾਰਤ ਨੂੰ ਮਿਲਣਗੇ 24 ਐਮਐਚ 60 ਆਰ ਸੀਅ ਹਾਕ ਹੈਲੀਕਾਪਟਰ