ਭਾਰਤ ਨੂੰ ਆਰਥਿਕ ਮੰਦੀ ਤੇ ਆਲਮੀ ਮਹਾਮਾਰੀ ਦਾ ਖ਼ਤਰਾ: ਮਨਮੋਹਨ ਸਿੰਘ

ਨਵੀਂ ਦਿੱਲੀ- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੇਸ਼ ਨੂੰ ਸਮਾਜਿਕ ਸਦਭਾਵਨਾ, ਆਰਥਿਕ ਸੁਸਤੀ ਤੇ ਆਲਮੀ ਮਹਾਂਮਾਰੀ ਤੋਂ ਦਰਪੇਸ਼ ਖ਼ਤਰੇ ਦਾ ਜ਼ਿਕਰ ਕਰਦਿਆਂ ਸਰਕਾਰ ਨੂੰ ਸੋਧਿਆ ਹੋਇਆ ਨਾਗਰਿਕਤਾ ਐਕਟ (ਸੀਏਏ) ਵਾਪਸ ਲੈਣ ਜਾਂ ਉਸ ਵਿੱਚ ਸੋਧਾਂ ਕਰਕੇ ਕੌਮੀ ਏਕਤਾ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸਾਰੀ ਊਰਜਾ ‘ਕੋਵਿਡ-19’ ਨੂੰ ਰੋਕਣ, ਇਸ ਨਾਲ ਨਜਿੱਠਣ ਲਈ ਲੋੜੀਂਦੀ ਤਿਆਰੀ ਕਰਨ ਤੇ ਅਰਥਚਾਰੇ ’ਚ ਨਵੀਂ ਰੂਹ ਫੂਕਣ ਵੱਲ ਲਾਉਣੀ ਚਾਹੀਦੀ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਖ਼ਤਰੇ ਸਾਂਝੇ ਰੂਪ ਵਿੱਚ ਨਾ ਸਿਰਫ਼ ਭਾਰਤ ਦੀ ਆਤਮਾ ਬਲਕਿ ਦੇਸ਼ ਦੀ ਆਲਮੀ ਦਿੱਖ ਨੂੰ ਵੀ ਸੱਟ ਮਾਰਨਗੇ। ਉਨ੍ਹਾਂ ਰੋਜ਼ਨਾਮਾ ‘ਦਿ ਹਿੰਦੂ’ ਵਿੱਚ ਛਪੇ ਇਕ ਲੇਖ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਸ ਭਾਰਤ ਨੂੰ ਅਸੀਂ ਜਾਣਦੇ ਹਾਂ ਤੇ ਜਿਸ ਦਾ ਸੁਪਨਾ ਅਸੀਂ ਵੇਖ ਰੱਖਿਆ ਹੈ, ਉਹ ਬਹੁਤ ਤੇਜ਼ੀ ਨਾਲ ਅੱਖਾਂ ਅੱਗੋਂ ਗਾਇਬ ਹੋ ਰਿਹਾ ਹੈ ਤੇ ਹਾਲਤ ਬਹੁਤ ਗੰਭੀਰ ਤੇ ਖ਼ਰਾਬ ਹਨ।

Previous articleਜਸਟਿਸ ਮੁਰਲੀਧਰ ਦਾ ਸ਼ਾਨਦਾਰ ਸਵਾਗਤ
Next articleਸ਼ਤਰੰਜ ਓਲੰਪਿਆਡ: ਭਾਰਤ ਦੀ ਅਗਵਾਈ ਕਰਨਗੇ ਆਨੰਦ ਤੇ ਹੰਪੀ