ਭਾਰਤ ਨੂੰ ਆਪਣੇ ਨਾਗਰਿਕਾਂ ਦੇ ਸਵਿਸ ਬੈਂਕ ਖਾਤਿਆਂ ਦੀ ਪਹਿਲੀ ਸੂਚੀ ਸਵਿਟਜ਼ਰਲੈਂਡ ਸਰਕਾਰ ਤੋਂ ਹੋਈ ਹਾਸਲ

ਨਵੀਂ ਦਿੱਲੀ  : ਕਾਲੇ ਧਨ ਖ਼ਿਲਾਫ਼ ਲੜਾਈ ‘ਚ ਸਰਕਾਰ ਨੂੰ ਇਕ ਵੱਡੀ ਕਾਮਯਾਬੀ ਹੱਥ ਲੱਗੀ ਹੈ। ਭਾਰਤ ਅਤੇ ਸਵਿਟਜ਼ਰਲੈਂਡ ਦਰਮਿਆਨ ਕਾਲੇ ਧਨ ਦੀ ਸੂਚਨਾ ਦੇ ਖ਼ੁਦ ਲੈਣ-ਦੇਣ ਦੀ ਨਵੀਂ ਵਿਵਸਥਾ ਤਹਿਤ ਭਾਰਤ ਨੂੰ ਆਪਣੇ ਨਾਗਰਿਕਾਂ ਦੇ ਸਵਿਸ ਬੈਂਕ ਖਾਤਿਆਂ ਦੀ ਪਹਿਲੀ ਸੂਚੀ ਸਵਿਟਜ਼ਰਲੈਂਡ ਸਰਕਾਰ ਤੋਂ ਹਾਸਲ ਹੋ ਗਈ ਹੈ। ਹਾਲਾਂਕਿ, ਸੂਚਨਾਵਾਂ ਦਾ ਲੈਣ-ਦੇਣ ਭੇਦ ਗੁਪਤ ਰੱਖਣ ਦੀ ਸ਼ਰਤ ਦੇ ਨਾਲ ਕੀਤਾ ਗਿਆ ਹੈ। ਲਿਹਾਜ਼ਾ, ਉਨ੍ਹਾਂ ਭਾਰਤੀਆਂ ਦੇ ਨਾਂ ਅਤੇ ਹੋਰ ਵੇਰਵੇ ਜਨਤਕ ਨਹੀਂ ਕੀਤੇ ਗਏ।

ਭਾਰਤ ਹੁਣ ਉਨ੍ਹਾਂ 75 ਦੇਸ਼ਾਂ ‘ਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨਾਲ ਸਵਿਟਜ਼ਰਲੈਂਡ ਸਰਕਾਰ ਨੇ ਬੈਂਕ ਖਾਤਿਆਂ ਨਾਲ ਜੁੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ। ਸਵਿਟਜ਼ਰਲੈਂਡ ਦੇ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸਤੰਬਰ 2020 ‘ਚ ਭਾਰਤ ਨਾਲ ਫਿਰ ਵਿੱਤੀ ਖਾਤਿਆਂ ਦੀਆਂ ਸੂਚਨਾਵਾਂ ਦਾ ਲੈਣ-ਦੇਣ ਕੀਤਾ ਜਾਵੇਗਾ।

ਮਾਹਿਰਾਂ ਮੁਤਾਬਕ, ਭਾਰਤ ਨੂੰ ਸੂੁਚਨਾਵਾਂ ਦੇ ਖ਼ੁਦ ਲੈਣ-ਦੇਣ ਦੀ ਨਵੀਂ ਵਿਵਸਥਾ ਤਹਿਤ ਸਵਿਟਜ਼ਰਲੈਂਡ ਦੇ ਬੈਂਕਾਂ ‘ਚ ਆਪਣੇ ਨਾਗਰਿਕਾਂ ਦੇ ਖਾਤਿਆਂ ਦੇ ਵੇਰਵੇ ਦੀ ਪਹਿਲੀ ਸੂਚੀ ਹਾਸਲ ਹੋ ਗਈ ਹੈ। ਦੋਵੇਂ ਦੇਸ਼ਾਂ ਦਰਮਿਆਨ ਸੂਚਨਾਵਾਂ ਦੇ ਖ਼ੁਦ ਲੈਣ-ਦੇਣ ਦੀ ਇਸ ਵਿਵਸਥਾ ਨਾਲ ਭਾਰਤ ਨੂੰ ਵਿਦੇਸ਼ ‘ਚ ਆਪਣੇ ਨਾਗਰਿਕਾਂ ਦੇ ਜਮ੍ਹਾਂ ਕਰਵਾਏ ਗਏ ਕਾਲੇ ਧਨ ਖ਼ਿਲਾਫ਼ ਲੜਾਈ ‘ਚ ਕਾਫ਼ੀ ਮਦਦ ਮਿਲੇਗੀ। ਇਨ੍ਹਾਂ ਜਾਣਕਾਰੀਆਂ ‘ਚ ਬੈਂਕ ਖਾਤੇ ‘ਚ ਜਮ੍ਹਾਂ ਰਕਮ ਤੋਂ ਲੈ ਕੇ ਰਕਮ ਟਰਾਂਸਫਰ ਕਰਨ ਦੇ ਵੇਰਵੇ ਨਾਲ ਹੀ ਆਮਦਨ ਦਾ ਪੁਖ਼ਤਾ ਵੇਰਵਾ ਵੀ ਮਿਲਿਆ ਹੈ। ਇਸ ਵਿਚ ਸਕਿਓਰਿਟੀਜ਼ ਤੇ ਹੋਰ ਜਾਇਦਾਦਾਂ ‘ਚ ਨਿਵੇਸ਼ ਆਦਿ ਸ਼ਾਮਲ ਹਨ।

Previous articleEU Brexit deal decision end of this week: Macron
Next articleਅੱਜ ਭਾਰਤ ਨੂੰ ਮਿਲੇਗਾ ਪਹਿਲਾ ਰਾਫੇਲ, ਪਾਕਿਸਤਾਨ ਖ਼ਿਲਾਫ਼ ਹਵਾਈ ਖੇਤਰ ‘ਚ ਭਾਰਤ ਦੇ ਦਬਦਬੇ ਦੀ ਹੋਵੇਗੀ ਸ਼ੁਰੂਆਤ