ਭਾਰਤ ਨੂੰ ਅਣਗੌਲਿਆ ਕਰ ਰਿਹਾ ਹੈ ਬੰਗਲਾਦੇਸ਼

ਨਵੀਂ ਦਿੱਲੀ (ਸਮਾਜ ਵੀਕਲੀ) :  ਭਾਰਤ ਅਤੇ ਚੀਨ ਵਿਚਾਲੇ ਟਕਰਾਅ ਦਰਮਿਆਨ ਨੇਪਾਲ ਤੋਂ ਬਾਅਦ ਹੁਣ ਬੰਗਲਾਦੇਸ਼ ਵੀ ਚੀਨ ਦੇ ਪਾਲੇ ’ਚ ਜਾਂਦਾ ਨਜ਼ਰ ਆ ਰਿਹਾ ਹੈ। ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪਿਛਲੇ ਸਾਲ ਦੁਬਾਰਾ ਅਹੁਦਾ ਸੰਭਾਲਣ ਮਗਰੋਂ ਬੰਗਲਾਦੇਸ਼ ’ਚ ਸਾਰੇ ਭਾਰਤੀ ਪ੍ਰਾਜੈਕਟਾਂ ਦੀ ਰਫ਼ਤਾਰ ਨੂੰ ਬਰੇਕਾਂ ਲੱਗ ਗਈਆਂ ਹਨ।

ਉਥੋਂ ਦੇ ਅਖ਼ਬਾਰ ‘ਭੋਰੇਜ ਕਾਗੋਜ’ ਦੀ ਰਿਪੋਰਟ ਮੁਤਾਬਕ ਹਸੀਨਾ ਦੇ ਦੁਬਾਰਾ ਪ੍ਰਧਾਨ ਮੰਤਰੀ ਬਣਨ ਮਗਰੋਂ ਬੰਗਲਾਦੇਸ਼ ਵੱਲੋਂ ਚੀਨੀ ਬੁਨਿਆਦੀ ਢਾਂਚੇ ਵਾਲੇ ਪ੍ਰਾਜੈਕਟਾਂ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। ਭਾਰਤ ਵੱਲੋਂ ਚਿੰਤਾ ਜਤਾਏ ਜਾਣ ਦੇ ਬਾਵਜੂਦ ਸਿਲਹਟ ’ਚ ਏਅਰਪੋਰਟ ਟਰਮੀਨਲ ਦੀ ਇਮਾਰਤ ਦਾ ਠੇਕਾ ਚੀਨੀ ਕੰਪਨੀ ਨੂੰ ਦੇ ਦਿੱਤਾ ਗਿਆ। ਇਹ ਇਲਾਕਾ ਭਾਰਤ ਦੀ ਉੱਤਰ-ਪੂਰਬੀ ਸਰਹੱਦ ਨਾਲ ਲਗਦਾ ਹੈ ਅਤੇ ਨਵੀਂ ਦਿੱਲੀ ਇਸ ਨੂੰ ਸੰਵੇਦਨਸ਼ੀਲ ਇਲਾਕਾ ਮੰਨਦਾ ਹੈ।

ਪਿਛਲੇ ਚਾਰ ਮਹੀਨਿਆਂ ਦੌਰਾਨ ਭਾਰਤੀ ਹਾਈ ਕਮਿਸ਼ਨਰ ਰੀਵਾ ਗਾਂਗੁਲੀ ਦਾਸ ਨੇ ਉਨ੍ਹਾਂ ਨਾਲ ਮੁਲਾਕਾਤ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਸਿਰੇ ਨਹੀਂ ਚੜ੍ਹੀਆਂ। ਉਂਜ ਢਾਕਾ ’ਚ ਭਾਰਤੀ ਹਾਈ ਕਮਿਸ਼ਨ ਅਤੇ ਵਿਦੇਸ਼ ਮੰਤਰਾਲੇ ਨੇ ਇਸ ਬਾਰੇ ਕੋਈ ਸਫ਼ਾਈ ਨਹੀਂ ਦਿੱਤੀ ਹੈ। ਅਖ਼ਬਾਰ ਦੇ ਸੰਪਾਦਕ ਸ਼ਿਆਮਲ ਦੱਤਾ ਨੇ ਲੇਖ ’ਚ ਲਿਖਿਆ ਹੈ ਕਿ ਬੰਗਲਾਦੇਸ਼ ਨੇ ਭਾਰਤ ਵੱਲੋਂ ਕੋਵਿਡ-19 ਦੌਰਾਨ ਕੀਤੀ ਗਈ ਸਹਾਇਤਾ ਲਈ ਸ਼ਲਾਘਾ ਦਾ ਪੱਤਰ ਤੱਕ ਨਹੀਂ ਭੇਜਿਆ।

ਇਸੇ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਬੰਗਲਾਦੇਸ਼ ਦੀ ਹਮਰੁਤਬਾ ਸ਼ੇਖ ਹਸੀਨਾ ਨੂੰ ਫੋਨ ਕਰ ਕੇ ਕਸ਼ਮੀਰ ਦਾ ਮੁੱਦਾ ਉਠਾਇਆ ਹੈ। ਪਾਕਿਸਤਾਨ ਦੀ ਸਰਕਾਰੀ ਖ਼ਬਰ ਏਜੰਸੀ ਮੁਤਾਬਕ ਇਮਰਾਨ ਨੇ ਹਸੀਨਾ ਨੂੰ ਇਸਲਾਮਾਬਾਦ ਆਉਣ ਦਾ ਸੱਦਾ ਦਿੰਦਿਆਂ ਕਸ਼ਮੀਰ ਦੇ ਹਾਲਾਤ ਵੱਲ ਧਿਆਨ ਦਿਵਾਇਆ ਅਤੇ ਕਿਹਾ ਕਿ ਜੰਮੂ ਕਸ਼ਮੀਰ ਵਿਵਾਦ ਦਾ ਸ਼ਾਂਤੀਪੂਰਨ ਢੰਗ ਨਾਲ ਹੱਲ ਕੱਢਣਾ ਜ਼ਰੂਰੀ ਹੈ ਤਾਂ ਜੋ ਖਿੱਤੇ ’ਚ ਸ਼ਾਂਤੀ ਬਣੀ ਰਹੇ।

Previous articleਬੌਲੀਵੁੱਡ ਦਾ ‘ਗੈਂਗ’ ਮੇਰੇ ਖਿਲਾਫ਼ ਸਰਗਰਮ: ਰਹਿਮਾਨ
Next articleEng v WI 3rd Test, Day 2: Windies left reeling by pace onslaught