ਭਾਰਤ ਦੀ 16 ਸੋਨ ਤਗ਼ਮਿਆਂ ਨਾਲ ਮੁਹਿੰਮ ਮੁਕੰਮਲ

ਭਾਰਤੀ ਨਿਸ਼ਾਨੇਬਾਜ਼ਾਂ ਨੇ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਚੀਨੀ ਤਾਇਪੈ ਦੇ ਤਾਓਯੁਆਨ ਵਿੱਚ ਏਸ਼ਿਆਈ ਏਅਰਗੰਨ ਚੈਂਪੀਅਨਸ਼ਿਪ ਦੇ ਅੱਜ ਅੰਤਿਮ ਦਿਨ ਪੰਜ ਸੋਨ ਤਗ਼ਮੇ ਜਿੱਤ ਕੇ ਆਪਣੀ ਸੁਨਹਿਰੀ ਮੁਹਿੰਮ ਖ਼ਤਮ ਕੀਤੀ ਹੈ। ਭਾਰਤ ਨੇ ਮੁਕਾਬਲੇ ਵਿੱਚ 16 ਸੋਨੇ, ਪੰਜ ਚਾਂਦੀ ਅਤੇ ਚਾਰ ਕਾਂਸੀ ਦੇ ਤਗ਼ਮਿਆਂ ਸਣੇ ਕੁੱਲ 25 ਤਗ਼ਮੇ ਜਿੱਤੇ ਹਨ। ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਯਸ਼ ਵਰਧਨ ਅਤੇ ਸ਼੍ਰੇਆ ਅਗਰਵਾਲ ਨੇ ਤਿੰਨ-ਤਿੰਨ ਸੋਨ ਤਗ਼ਮੇ ਫੁੰਡੇ। ਯਸ਼ ਨੇ ਪੁਰਸ਼ ਜੂਨੀਅਰ 10 ਮੀਟਰ ਏਅਰ ਰਾਈਫਲ ਵਿੱਚ ਸਿਖ਼ਰਲਾ ਸਥਾਨ ਹਾਸਲ ਕੀਤਾ ਹੈ। ਉਸ ਨੇ ਸਿਰਫ਼ ਪ੍ਰਜਾਪਤੀ ਅਤੇ ਐਸ਼ਵਰੀ ਤੋਮਰ ਨਾਲ ਮਿਲ ਕੇ ਟੀਮ ਸੋਨ ਤਗ਼ਮਾ ਵੀ ਜਿੱਤਿਆ। ਯਸ਼ ਨੇ 249.5 ਅੰਕ ਨਾਲ ਸੋਨ ਤਗ਼ਮਾ ਜਿੱਤਿਆ, ਜਦਕਿ ਕੇਵਲ (247.3 ਅੰਕ) ਅਤੇ ਐਸ਼ਵਰੀ (226.1 ਅੰਕ) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗ਼ਮਾ ਫੁੰਡਿਆ। ਇਸ ਤੋਂ ਪਹਿਲਾਂ ਯਸ਼ ਅਤੇ ਸ਼੍ਰੇਆ ਦੀ ਜੋੜੀ ਨੇ ਮਿਕਸਡ ਟੀਮ ਰਾਈਫਲ ਜੂਨੀਅਰ ਮੁਕਾਬਲੇ ਵਿੱਚ ਸੋਨ ਤਗ਼ਮਾ ਹਾਸਲ ਕੀਤਾ। ਸ਼੍ਰੇਆ ਨੇ 10 ਮੀਟਰ ਏਅਰ ਰਾਈਫਲ ਮਹਿਲਾ ਜੂਨੀਅਰ ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ ਮੇਹੁਲੀ ਘੋਸ਼ ਅਤੇ ਕਵੀ ਚੱਕਰਵਰਤੀ ਨਾਲ ਮਿਲ ਕੇ ਟੀਮ ਵਿੱਚ ਵੀ ਸੁਨਹਿਰੀ ਤਗ਼ਮੇ ’ਤੇ ਨਿਸ਼ਾਨਾ ਲਾਇਆ।

Previous articleਜਥੇਦਾਰ ਨੇ ਦਰਸ਼ਨੀ ਡਿਉਢੀ ਢਾਹੁਣ ਦੀ ਜਾਂਚ ਰਿਪੋਰਟ ਮੰਗੀ
Next articleਨਮੋ ਚੈਨਲ ’ਤੇ ਤੁਰੰਤ ਰੋਕ ਲਗਾਵੇ ਚੋਣ ਕਮਿਸ਼ਨ: ਕਾਂਗਰਸ