ਪਰਥ– ਮੌਜੂਦਾ ਚੈਂਪੀਅਨ ਆਸਟਰੇਲੀਆ ਖ਼ਿਲਾਫ਼ ਪ੍ਰਭਾਵਸ਼ਾਲੀ ਜਿੱਤ ਨਾਲ ਹੌਸਲੇ ਨਾਲ ਭਰਪੂਰ ਭਾਰਤ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਸੋਮਵਾਰ ਨੂੰ ਇੱਥੇ ਆਪਣੇ ਦੂਜੇ ਗਰੁੱਪ ‘ਏ’ ਮੈਚ ਵਿੱਚ ਬੰਗਲਾਦੇਸ਼ ਨਾਲ ਭਿੜੇਗਾ ਅਤੇ ਉਸ ਦਾ ਟੀਚਾ ਆਪਣੀ ਜੇਤੂ ਲੈਅ ਜਾਰੀ ਰੱਖਣਾ ਹੋਵੇਗਾ। ਇਸੇ ਗਰੁੱਪ ਦੇ ਇੱਕ ਹੋਰ ਮੈਚ ਵਿੱਚ ਆਸਟਰੇਲੀਆ ਦਾ ਸਾਹਮਣਾ ਸ੍ਰੀਲੰਕਾ ਨਾਲ ਹੋਵੇਗਾ। ਇਹ ਦੋਵੇਂ ਟੀਮਾਂ ਆਪਣੇ ਪਹਿਲੇ ਮੈਚ ਹਾਰ ਗਈਆਂ ਹਨ। ਸ੍ਰੀਲੰਕਾ ਨੂੰ ਸ਼ਨਿਚਰਵਾਰ ਨੂੰ ਨਿਊਜ਼ੀਲੈਂਡ ਨੇ ਸੱਤ ਵਿਕਟਾਂ ਨਾਲ ਹਰਾਇਆ ਸੀ।
ਲੈੱਗ ਸਪਿੰਨਰ ਪੂਨਮ ਯਾਦਵ ਦੇ ਸ਼ਾਨਦਾਰ ਸਪੈਲ ਨਾਲ ਭਾਰਤ ਨੇ ਸ਼ੁੱਕਰਵਾਰ ਨੂੰ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਆਸਟਰੇਲੀਆ ਨੂੰ 17 ਦੌੜਾਂ ਨਾਲ ਹਰਾਇਆ ਸੀ। ਇਸ ਦੇ ਬਾਵਜੂਦ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਬੰਗਲਾਦੇਸ਼ ਨੂੰ ਕਮਜੋਰ ਸਮਝਣ ਦੀ ਗ਼ਲਤੀ ਨਹੀਂ ਕਰ ਸਕਦੀ ਕਿਉਂਕਿ ਉਸ ਨੂੰ ਆਪਣੇ ਇਸ ਵਿਰੋਧੀ ਤੋਂ ਸਾਲ 2018 ਵਿੱਚ ਟੀ-20 ਏਸ਼ੀਆ ਕੱਪ ਵਿੱਚ ਦੋ ਵਾਰ ਹਾਰ ਝੱਲਣੀ ਪਈ ਸੀ।
ਜੇਮੀਮ੍ਹਾ ਰੌਡਰਿਗਜ਼ ਅਤੇ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਏਸ਼ੀਆ ਕੱਪ ਟੀਮ ਦਾ ਹਿੱਸਾ ਨਹੀਂ ਸਨ, ਪਰ ਜੇਕਰ ਭਾਰਤ ਨੇ ਬੰਗਲਾਦੇਸ਼ ਨੂੰ ਹਰਾਉਣਾ ਹੈ ਤਾਂ ਸੀਨੀਅਰ ਕ੍ਰਮ ਵਿੱਚ ਇਨ੍ਹਾਂ ਦੋਵਾਂ ਦੀ ਭੂਮਿਕਾ ਅਹਿਮ ਰਹੇਗੀ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਪਿਛਲੇ ਪੰਜ ਮੈਚਾਂ ਵਿੱਚ ਭਾਰਤ ਨੇ ਤਿੰਨ ਅਤੇ ਬੰਗਲਾਦੇਸ਼ ਨੇ ਦੋ ਮੈਚ ਜਿੱਤੇ। ਭਾਰਤ ਜੇਕਰ ਸੋਮਵਾਰ ਨੂੰ ਜਿੱਤ ਦਰਜ ਕਰਦਾ ਹੈ ਤਾਂ ਉਹ ਪੰਜ ਟੀਮਾਂ ਦੇ ਗਰੁੱਪ ਵਿੱਚ ਨਾਕਆਊਟ ਦੇ ਨੇੜੇ ਵੀ ਪਹੁੰਚ ਜਾਵੇਗਾ।
Sports ਭਾਰਤ ਦੀ ਬੰਗਲਾਦੇਸ਼ ਨਾਲ ਟੱਕਰ ਅੱਜ