ਵਾਸ਼ਿੰਗਟਨ- ਵਿਸ਼ਵ ਬੈਂਕ ਨੇ ਆਪਣੀ ਇਕ ਸੱਜਰੀ ਰਿਪੋਰਟ ’ਚ ਵਿੱਤੀ ਸੈਕਟਰ ਵਿੱਚ ਜਾਰੀ ਮੰਦੀ ਕਰਕੇ ਵਿੱਤੀ ਸਾਲ 2019-20 ਵਿੱਚ ਭਾਰਤ ਦੀ ਵਿਕਾਸ ਦਰ ਘੱਟ ਕੇ 5 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਉਂਜ ਆਲਮੀ ਬੈਂਕ ਨੇ ਇਸੇ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਅਗਲੇ ਵਿੱਤੀ ਸਾਲ ’ਚ ਜੀਡੀਪੀ (ਕੁੱਲ ਘਰੇਲੂ ਉਤਪਾਦ) ਮੁੜ ਪੈਰਾ ਸਿਰ ਹੁੰਦਿਆਂ 5.8 ਫੀਸਦ ਰਹੇਗੀ। ਸਰਕਾਰ ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਮੌਜੂਦਾ ਵਿੱਤੀ ਵਰ੍ਹੇ ’ਚ ਜੀਡੀਪੀ ਪੰਜ ਫੀਸਦ ਨਾਲ ਪਿਛਲੇ 11 ਸਾਲਾਂ ’ਚ ਸਭ ਤੋਂ ਹੇਠਲੇ ਪੱਧਰ ’ਤੇ ਪੁੱਜ ਗਈ ਸੀ। ਉਂਜ ਇਸ ਨਿਘਾਰ ਦਾ ਮੁੱਖ ਕਾਰਨ ਨਿਰਮਾਣ ਤੇ ਉਸਾਰੀ ਖੇਤਰ ਦੀ ਮਾੜੀ ਕਾਰਗੁਜ਼ਾਰੀ ਨੂੰ ਮੰਨਿਆ ਜਾ ਰਿਹੈ। ਆਲਮੀ ਬੈਂਕ ਨੇ ਗਲੋਬਲ ਇਕਨਾਮਿਕ ਪ੍ਰੌਸਪੈਕਟਸ ਦੇ ਆਪਣੇ ਸੱਜਰੇ ਐਡੀਸ਼ਨ ਵਿੱਚ ਕਿਹਾ, ‘ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਦੀ ਮਾੜੀ ਤੇ ਕਮਜ਼ੋਰ ਕਾਰਗੁਜ਼ਾਰੀ ਕਰਕੇ 31 ਮਾਰਚ ਨੂੰ ਖ਼ਤਮ ਹੋ ਰਹੇ ਵਿੱਤੀ ਸਾਲ 2019-20 ਵਿੱਚ ਵਿਕਾਸ ਦਰ ਪੰਜ ਫੀਸਦ ਰਹੇਗੀ। ਇਸ ਤੋਂ ਅਗਲੇ ਵਿੱਤੀ ਸਾਲ ’ਚ ਇਹ ਮੁੜ ਪੈਰਾ ਸਿਰ ਹੁੰਦੀ 5.8 ਫੀਸਦ ਹੋ ਜਾਵੇਗੀ।’ ਰਿਪੋਰਟ ਮੁਤਾਬਕ ਗੈਰ-ਬੈਂਕਿੰਗ ਸੈਕਟਰ ਵਿੱਚ ਕਰਜ਼ਾ ਦੇਣ ਦੀਆਂ ਸਖ਼ਤ ਸ਼ਰਤਾਂ ਭਾਰਤ ਵਿੱਚ ਘਰੇਲੂ ਮੰਗ ਨੂੰ ਕਮਜ਼ੋਰ ਕਰਨ ਵਿੱਚ ਅਹਿਮ ਕਾਰਕ ਹਨ। ਬੈਂਕ ਨੇ ਕਿਹਾ ਕਿ ਦੱਖਣੀ ਏਸ਼ੀਆ ਵਿੱਚ ਖੇਤਰੀ ਵਿਕਾਸ ਦੇ ਤੇਜ਼ੀ ਫੜਨ ਦੇ ਆਸਾਰ ਹਨ ਤੇ ਸਾਲ 2022 ਤਕ ਇਹ ਵੱਧ ਕੇ ਛੇ ਫੀਸਦ ਹੋ ਜਾਵੇਗੀ।
World ਭਾਰਤ ਦੀ ਜੀਡੀਪੀ ਘੱਟ ਕੇ 5 ਫੀਸਦ ਰਹਿਣ ਦੀ ਪੇਸ਼ੀਨਗੋਈ