ਭਾਰਤੀ ਫੁਟਬਾਲ ਟੀਮ ਫੀਫਾ ਵਿਸ਼ਵ ਕੱਪ-2022 ਕੁਆਲੀਫਾਇਰ ਵਿੱਚ ਵੀਰਵਾਰ ਨੂੰ ਓਮਾਨ ਖ਼ਿਲਾਫ਼ ਆਪਣੀ ਮੁਹਿੰਮ ਦਾ ਆਗਾਜ਼ ਕਰੇਗੀ। ਇਹ ਕੋਚ ਇਗੋਰ ਸਟਿਮਕ ਅਤੇ ਕਪਤਾਨ ਸੁਨੀਲ ਛੇਤਰੀ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ।
ਵਿਸ਼ਵ ਕੱਪ-1998 ਦੇ ਸੈਮੀ-ਫਾਈਨਲ ਤੱਕ ਪਹੁੰਚਣ ਵਾਲੀ ਕ੍ਰੋਏਸ਼ਿਆਈ ਟੀਮ ਦੇ ਮੈਂਬਰ ਰਹੇ ਸਟਿਮਕ ਭਾਰਤੀ ਟੀਮ ਦੇ ਸਭ ਤੋਂ ਹਾਈ-ਪ੍ਰੋਫਾਈਲ ਕੋਚਾਂ ਵਿੱਚੋਂ ਹਨ। ਹਾਲਾਂਕਿ ਉਸ ਦੀ ਅਗਵਾਈ ਵਿੱਚ ਭਾਰਤੀ ਟੀਮ ਦਾ ਆਗਾਜ਼ ਚੰਗਾ ਨਹੀਂ ਹੋਇਆ।
ਥਾਈਲੈਂਡ ਵਿੱਚ ਕਿੰਗਜ਼ ਕੱਪ ਦੌਰਾਨ ਭਾਰਤੀ ਟੀਮ ਤੀਜੇ ਸਥਾਨ ’ਤੇ ਰਹੀ, ਜਦਕਿ ਇੰਟਰਕਾਂਟੀਨੈਂਟਲ ਕੱਪ ਵਿੱਚ ਵੀ ਪ੍ਰਦਰਸ਼ਨ ਨਮੋਸ਼ੀਜਨਕ ਰਿਹਾ। ਹੁਣ ਆਉਣ ਵਾਲੇ ਮਹੀਨਿਆਂ ਵਿੱਚ ਭਾਰਤ ਨੇ ਮੁਸ਼ਕਲ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ, ਜਿਸ ਬਾਰੇ ਕੋਚ ਨੂੰ ਬਖ਼ੂਬੀ ਇਲਮ ਹੋਵੇਗਾ। ਉਸ ਨੂੰ ਪਤਾ ਹੈ ਕਿ ਗਰੁੱਪ ਵਿੱਚ ਓਮਾਨ ਅਤੇ ਕਤਰ ਦੋ ਮਜ਼ਬੂਤ ਟੀਮਾਂ ਹਨ। ਸਟਿਮਕ ਨੇ ਕਿਹਾ, ‘‘ਕਤਰ ਅਤੇ ਓਮਾਨ ਗਰੁੱਪ ਵਿੱਚ ਸਭ ਤੋਂ ਮਜ਼ਬੂਤ ਟੀਮਾਂ ਹਨ। ਅਸੀਂ ਉਨ੍ਹਾਂ ਵਿੱਚੋਂ ਕਿਸੇ ਖ਼ਿਲਾਫ਼ ਵੀ ਵਿਸ਼ਵ ਕੱਪ ਕੁਆਲੀਫਾਈਂਗ ਮੈਚ ਨਹੀਂ ਜਿੱਤਿਆ, ਲਿਹਾਜ਼ਾ ਇਹ ਚੁਣੌਤੀ ਸੌਖੀ ਨਹੀਂ ਹੋਵੇਗੀ। ਸਾਨੂੰ ਸਰਵੋਤਮ ਪ੍ਰਦਰਸ਼ਨ ਕਰਨਾ ਪਵੇਗਾ।’’
ਏਸ਼ਿਆਈ ਕੁਆਲੀਫਾਇਰ ਦੇ ਦੂਜੇ ਗੇੜ ਵਿੱਚ ਵਿਸ਼ਵ ਕੱਪ-2022 ਦੇ ਮੇਜ਼ਬਾਨ ਨਾਲ ਰੱਖੀ ਗਈ ਭਾਰਤੀ ਟੀਮ ਜੇਕਰ ਦੂਜੇ ਸਥਾਨ ’ਤੇ ਰਹੀ ਤਾਂ ਤੀਜੇ ਕੁਆਲੀਫਾਈਂਗ ਗੇੜ ਵਿੱਚ ਪਹੁੰਚ ਜਾਵੇਗੀ। ਓਮਾਨ ਖ਼ਿਲਾਫ਼ ਮੈਚ ਤੋਂ ਪਹਿਲਾਂ ਭਾਰਤ ਨੂੰ ਤਕੜਾ ਝਟਕਾ ਲੱਗਿਆ, ਜਦੋਂ ਨੌਜਵਾਨ ਮਿੱਡਫੀਲਡਰ ਅਮਰਜੀਤ ਸਿੰਘ ਕਿਆਮ ਸੱਟ ਕਾਰਨ ਬਾਹਰ ਹੋ ਗਿਆ। ਦੋ ਸਾਲ ਪਹਿਲਾਂ ਅੰਡਰ-17 ਵਿਸ਼ਵ ਕੱਪ ਟੀਮ ਵਿੱਚ ਕਪਤਾਨ ਰਹੇ 18 ਸਾਲ ਦੇ ਅਮਰਜੀਤ ਸਟਿਮਕ ਦੇ ਆਉਣ ਮਗਰੋਂ ਪੰਜ ਮੈਚ ਖੇਡਣ ਵਾਲਾ ਇਕਲੌਤਾ ਖਿਡਾਰੀ ਹੈ।
ਉਸ ਦੀ ਡਿਫੈਂਸ ਵਿੱਚ ਘਾਟ ਰੜਕੇਗੀ, ਜਿੱਥੇ ਸੰਦੇਸ਼ ਝਿੰਗਨ ਨੂੰ ਮਜ਼ਬੂਤ ਸਾਥੀ ਦੀ ਲੋੜ ਹੈ। ਉਦਾਂਤਾ ਸਿੰਘ ਮਿਡਫੀਲਡ ਦੀ ਕਮਾਨ ਸੰਭਾਲੇਗਾ। ਫਾਰਵਰਡ ਵਿੱਚ ਇਕੱਲਾ ਛੇਤਰੀ ਮੋਹਰਲੀ ਕਤਾਰ ਵਿੱਚ ਹੋਵੇਗਾ। ਭਾਰਤ ਵਾਂਗ ਓਮਾਨ ਕੋਲ ਵੀ ਨੀਦਰਲੈਂਡ ਦੇ ਐਰਵਿਨ ਕੋਮੈਨ ਵਜੋਂ ਨਵਾਂ ਕੋਚ ਹੈ, ਜਿਸ ਨੇ ਜਰਮਨੀ ਵਿੱਚ ਤਿੰਨ ਹਫ਼ਤੇ ਦਾ ਕੈਂਪ ਲਾਇਆ ਸੀ। ਮਿਡਫੀਲਡਰ ਅਹਿਮਦ ਕਾਨੋ ਉਸ ਦਾ ਸਭ ਤੋਂ ਅਨੁਭਵੀ ਖਿਡਾਰੀ ਹੈ। ਭਾਰਤ ਨੇ ਵਿਸ਼ਵ ਕੱਪ-2018 ਦੇ ਕੁਆਲੀਫੀਕੇਸ਼ਨ ਗੇੜ ਵਿੱਚ ਓਮਾਨ ਖ਼ਿਲਾਫ਼ ਦੋਵੇਂ ਮੈਚ ਗੁਆਏ ਸਨ।
Sports ਭਾਰਤ ਦੀ ਓਮਾਨ ਨਾਲ ਪਹਿਲੀ ਟੱਕਰ ਅੱਜ