ਮੁੰਬਈ– ਖ਼ਰਾਬ ਫੀਲਡਿੰਗ ਅਤੇ ਖ਼ਰਾਬ ਗੇਂਦਬਾਜ਼ੀ ਦਾ ਖ਼ਮਿਆਜ਼ਾ ਭੁਗਤ ਰਹੀ ਭਾਰਤੀ ਕ੍ਰਿਕਟ ਟੀਮ ਵੈਸਟ ਇੰਡੀਜ਼ ਖ਼ਿਲਾਫ਼ ਫ਼ੈਸਲਾਕੁਨ ਤੀਜੇ ਟੀ-20 ਮੈਚ ਵਿੱਚ ਬੁੱਧਵਾਰ ਨੂੰ ਉਤਰੇਗੀ। ਇਸ ਦੌਰਾਨ ਉਸ ਦਾ ਇਰਾਦਾ ਘਾਟਾਂ ਨੂੰ ਦੂਰ ਕਰਕੇ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। ਦੋ ਵਾਰ ਦੀ ਵਿਸ਼ਵ ਚੈਂਪੀਅਨ ਵੈਸਟ ਇੰਡੀਜ਼ ਨੇ ਤਿਰੂਵਨੰਤਪੁਰਮ ਵਿੱਚ ਦੂਜਾ ਮੈਚ ਜਿੱਤ ਕੇ ਲੜੀ ਵਿੱਚ 1-1 ਨਾਲ ਬਰਾਬਰੀ ਕੀਤੀ ਹੈ।
ਇਸ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ਦੇ ਦਮ ਭਾਰਤ ਨੇ ਹੈਦਰਾਬਾਦ ਵਿੱਚ ਪਹਿਲਾ ਮੈਚ ਜਿੱਤਿਆ ਸੀ। ਭਾਰਤੀ ਖ਼ੇਮੇ ਦੀਆਂ ਨਜ਼ਰਾਂ ਆਫ ਸਪਿੰਨਰ ਵਾਸ਼ਿੰਗਟਨ ਸੁੰਦਰ ਅਤੇ ਖ਼ਰਾਬ ਲੈਅ ਨਾਲ ਜੂਝ ਰਹੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ’ਤੇ ਲੱਗੀਆਂ ਹੋਣਗੀਆਂ। ਵੇਖਣਾ ਇਹ ਹੈ ਕਿ ਟੀਮ ਪ੍ਰਬੰਧਕ ਸੁੰਦਰ ਨੂੰ ਮੌਕਾ ਦਿੰਦੇ ਹਨ ਜਾਂ ਕੁਲਦੀਪ ਯਾਦਵ ਨੂੰ। ਸੁੰਦਰ ਨੇ ਪਿਛਲੇ ਪੰਜ ਟੀ-20 ਮੈਚਾਂ ਵਿੱਚ ਸਿਰਫ਼ ਤਿੰਨ ਵਿਕਟਾਂ ਲਈਆਂ ਹਨ। ਉਸ ਨੇ ਵੈਸਟ ਇੰਡੀਜ਼ ਖ਼ਿਲਾਫ਼ ਦੋ ਅਤੇ ਬੰਗਲਾਦੇਸ਼ ਖ਼ਿਲਾਫ਼ ਤਿੰਨ ਟੀ-20 ਮੈਚਾਂ ਵਿੱਚ 23 ਓਵਰਾਂ ’ਚ 144 ਦੌੜਾਂ ਦੇ ਦਿੱਤੀਆਂ। ਦੱਖਣੀ ਅਫਰੀਕਾ ਖ਼ਿਲਾਫ਼ ਦੋ ਟੀ-20 ਮੈਚਾਂ ਵਿੱਚ ਉਸ ਨੂੰ ਵਿਕਟ ਨਹੀਂ ਮਿਲੀ। ਕਪਤਾਨ ਕੋਹਲੀ ਉਸ ਦੀ ਫੀਲਡਿੰਗ ਬਾਰੇ ਵੀ ਚਿੰਤਿਤ ਹੈ। ਪਿਛਲੇ ਮੈਚ ਵਿੱਚ ਉਸ ਨੇ ਲੈਂਡਲ ਸਿਮਨਸ ਦਾ ਆਸਾਨ ਕੈਚ ਛੱਡ ਦਿੱਤਾ, ਜਿਸ ਨੇ 45 ਗੇਂਦਾਂ ਵਿੱਚ 67 ਦੌੜਾਂ ਬਣਾ ਕੇ ਵੈਸਟ ਇੰਡੀਜ਼ ਦੀ ਜਿੱਤ ਦੀ ਨੀਂਹ ਰੱਖੀ। ਕੁਲਦੀਪ ਨੇ ਆਪਣਾ ਆਖ਼ਰੀ ਟੀ-20 ਮੈਚ ਹੈਮਿਲਟਨ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਫਰਵਰੀ ਵਿੱਚ ਖੇਡਿਆ ਸੀ। ਪਹਿਲੇ ਦੋ ਮੈਚਾਂ ਵਿੱਚ ਉਸ ਨੂੰ ਟੀਮ ਵਿੱਚ ਥਾਂ ਨਹੀਂ ਮਿਲ ਸਕੀ।
ਪੰਤ ਲਈ ਹਾਲਾਤ ਮੁਸ਼ਕਲ ਹੁੰਦੇ ਜਾ ਰਹੇ ਹਨ। ਮਹਿੰਦਰ ਸਿੰਘ ਧੋਨੀ ਦੇ ਜਾਨਸ਼ੀਨ ਸਮਝੇ ਜਾ ਰਹੇ ਪੰਤ ਲਈ ਉਮੀਦਾਂ ਦਾ ਦਬਾਅ ਝੱਲਣਾ ਮੁਸ਼ਕਲ ਹੋ ਰਿਹਾ ਹੈ। ਚੌਥੇ ਨੰਬਰ ’ਤੇ ਉਤਰ ਕੇ ਪਿਛਲੀਆਂ ਸੱਤ ਟੀ-20 ਪਾਰੀਆਂ ਵਿੱਚ ਉਸ ਨੇ ਨਾਬਾਦ 33, 18, 6, 27, 19, 4 ਦੌੜਾਂ ਬਣਾਈਆਂ ਹਨ। ਉਸ ਨੇ ਟੀ-20 ਕ੍ਰਿਕਟ ਵਿੱਚ ਆਖ਼ਰੀ ਨੀਮ ਸੈਂਕੜਾ ਅਗਸਤ ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਮਾਰਿਆ ਸੀ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਪਿਛਲੇ ਦੋ ਮੈਚਾਂ ਵਿੱਚ ਅਸਫਲ ਰਿਹਾ, ਪਰ ਹੁਣ ਘਰੇਲੂ ਮੈਦਾਨ ’ਤੇ ਵੱਡੀ ਪਾਰੀ ਖੇਡਣਾ ਚਾਹੇਗਾ। ਭਾਰਤ ਦੀ ਗੇਂਦਬਾਜ਼ੀ ਅਜੇ ਵੀ ਚਿੰਤਾ ਦਾ ਸਬੱਬ ਹੈ। ਦੀਪਕ ਚਾਹਰ ਅਤੇ ਭੁਵਨੇਸ਼ਵਰ ਕੁਮਾਰ ਨੇ ਪਹਿਲੇ ਦੋ ਮੈਚਾਂ ਵਿੱਚ ਦੌੜਾਂ ਦਿੱਤੀਆਂ। ਚਾਹਰ ਆਪਣੇ ਬੰਗਲਾਦੇਸ਼ ਖ਼ਿਲਾਫ਼ ਕੀਤੇ ਪ੍ਰਦਰਸ਼ਨ ਨੂੰ ਦੁਹਰਾ ਨਹੀਂ ਸਕਿਆ। ਭਾਰਤੀ ਫੀਲਡਰਾਂ ਨੇ ਵੀ ਕਈ ਕੈਚ ਛੱਡੇ ਅਤੇ ਫਾਲਤੂ ਦੌੜਾਂ ਦਿੱਤੀਆਂ।
Sports ਭਾਰਤ ਤੇ ਵਿੰਡੀਜ਼ ’ਚ ਫ਼ੈਸਲਾਕੁਨ ਟੀ-20 ਮੈਚ ਅੱਜ