ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ‘ਵਿਵਾਦ’ ਦਾ ਕਾਰਨ ਕਸ਼ਮੀਰ ਹੈ ਅਤੇ ਇਸ ਮਸਲੇ ਨੂੰ ਫੌਜੀ ਤਾਕਤ ਰਾਹੀਂ ਨਹੀਂ, ਸਗੋਂ ਗੱਲਬਾਤ ਰਾਹੀਂ ਹੱਲ ਕੀਤੇ ਜਾਣ ਦੀ ਲੋੜ ਹੈ। ਸ੍ਰੀਨਗਰ ਤੋਂ ਸਾਬਕਾ ਲੋਕ ਸਭਾ ਮੈਂਬਰ ਅਤੇ ਆਪਣੀ ਮਾਤਾ ਬੇਗਮ ਜਹਾਂ ਆਰਾ ਦੀ 19ਵੀਂ ਬਰਸੀ ਮੌਕੇ ਹਜ਼ਰਤਬਲ ਵਿੱਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਬਦੁੱਲਾ ਨੇ ਕਿਹਾ, ‘‘ਦੋਵਾਂ ਮੁਲਕਾਂ ਵਿਚਾਲੇ ਵਿਵਾਦ ਦਾ ਕਾਰਨ ਕਸ਼ਮੀਰ ਹੈ। ਉਹ ਕੁਝ ਵੀ ਕਹਿਣ, ਇਹ ਹੀ ਵਿਵਾਦ ਹੈ। ਇਹ ਮੁੱਦਾ ਹਾਲੇ ਵੀ ਸੰਯੁਕਤ ਰਾਸ਼ਟਰ ਵਿੱਚ ਹੈ। ਸੰਯੁਕਤ ਰਾਸ਼ਟਰ ਦੇ ਨਿਗਰਾਨ ਹਾਲੇ ਵੀ ਇੱਥੇ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਮੌਜੂਦ ਹਨ।’’ ਉਨ੍ਹਾਂ ਕਿਹਾ, ‘‘ਇਹ ਮਸਲਾ ਤਾਂ ਹੀ ਹੱਲ ਹੋਵੇਗਾ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਲੋਕ ਆਪਸ ਵਿੱਚ ਗੱਲਬਾਤ ਕਰਨਗੇ ਅਤੇ ਫਿਰ ਹੋਰਾਂ ਨਾਲ ਗੱਲਬਾਤ ਕਰਨਗੇ… ਅਜਿਹਾ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਨੂੰ ਇਹ ਨਾ ਲੱਗੇ ਮਸਲੇ ਦੇ ਕੱਢੇ ਗਏ ਹੱਲ ਨਾਲ ਭਾਰਤ ਜਾਂ ਪਾਕਿਸਤਾਨ ਜਾਂ ਜੰਮੂ ਕਸ਼ਮੀਰ ਅਤੇ ਲੱਦਾਖ਼ ਦੇ ਲੋਕਾਂ ਨਾਲ ਧੱਕਾ ਹੋਇਆ ਹੈ।’’ ਉਨ੍ਹਾਂ ਕਿਹਾ, ‘‘ਫੌਜੀ ਤਾਕਤ ਜਾਂ ਜ਼ੋਰ-ਜਬਰਦਸਤੀ ਨਾਲ ਕੁਝ ਵੀ ਹਾਸਲ ਨਹੀਂ ਹੋਣਾ….. ਇਸ ਨਾਲ ਲੱਗੀ ਅੱਗ ਨਹੀਂ ਬੁਝਾਈ ਜਾ ਸਕਦੀ’’ । ਉਨ੍ਹਾਂ ਕਿਹਾ ਕਿ ਕਸ਼ਮੀਰ ਮੁੱਦੇ ਦਾ ਹੱਲ ਕੇਵਲ ਗੱਲਬਾਤ ਰਾਹੀਂ ਸੰਭਵ ਹੈ।
INDIA ਭਾਰਤ ਤੇ ਪਾਕਿ ਵਿਚਾਲੇ ‘ਵਿਵਾਦ’ ਦਾ ਕਾਰਨ ਕਸ਼ਮੀਰ: ਫਾਰੂਕ