ਨਵੀਂ ਦਿੱਲੀ (ਸਮਾਜ ਵੀਕਲੀ) :ਭਾਰਤ ਨੇ ਲੱਦਾਖ ਵਿੱਚ ਸਰਹੱਦ ਨੂੰ ਲੈ ਕੇ ਚੀਨੀ ਫ਼ੌਜ ਨਾਲ ਪੈਦਾ ਹੋਏ ਵਿਵਾਦ ਸਬੰਧੀ ਫ਼ੌਜੀ ਗੱਲਬਾਤ ਦੇ ਅੱਠਵੇਂ ਗੇੜ ਨੂੰ ਅੱਜ ਉਸਾਰੂ ਕਰਾਰ ਦਿੰਦਿਆਂ ਕਿਹਾ ਕਿ ਇਸ ਗੇੜ ਵਿੱਚ ਸਪੱਸ਼ਟ ਤੇ ਡੂੰਘਾਈ ਨਾਲ ਗੱਲਬਾਤ ਹੋਈ। ਕਾਫੀ ਉਚਾਈ ਵਾਲੇ ਖੇਤਰਾਂ ਤੋਂ ਫ਼ੌਜਾਂ ਦੇ ਪਿੱਛੇ ਹਟਣ ਸਬੰਧੀ ਕੋਈ ਖ਼ਾਸ ਸਫ਼ਲਤਾ ਨਾ ਮਿਲਣ ਵਿਚਾਲੇ ਭਾਰਤੀ ਫ਼ੌਜ ਨੇ ਅੱਜ ਇਹ ਬਿਆਨ ਦਿੱਤਾ। ਇਕ ਸਾਂਝੇ ਬਿਆਨ ਵਿੱਚ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਨੇ ਕਿਹਾ ਕਿ ਗੱਲਬਾਤ ਦੌਰਾਨ ਦੋਵੇਂ ਦੇਸ਼ਾਂ ਦੇ ਆਗੂਆਂ ਵਿਚਾਲੇ ਬਣੀ ਅਹਿਮ ਸਹਿਮਤੀ ਨੂੰ ਗੰਭੀਰਤਾ ਨਾਲ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ।
ਇਸ ਤੋਂ ਇਲਾਵਾ ਇਹ ਯਕੀਨੀ ਬਣਾਉਣ ’ਤੇ ਵੀ ਸਹਿਮਤੀ ਬਣੀ ਕਿ ਸਰਹੱਦ ’ਤੇ ਤਾਇਨਾਤ ਸੈਨਿਕ ਸੰਜਮ ਰੱਖਣ ਅਤੇ ਗ਼ਲਤਫ਼ਹਿਮੀ ਤੋਂ ਬਚਣ। ਪੇਈਚਿੰਗ ਤੇ ਦਿੱਲੀ ਦੋਹਾਂ ਥਾਵਾਂ ’ਤੇ ਜਾਰੀ ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਨੇ ਫ਼ੌਜ ਤੇ ਕੂਟਨੀਤਕ ਤਰੀਕਿਆਂ ਰਾਹੀਂ ਗੱਲਬਾਤ ਤੇ ਸੰਚਾਰ ਜਾਰੀ ਰੱਖਣ ਅਤੇ ਪਿਛਲੇ ਮੁੱਦਿਆਂ ਨੂੰ ਹੱਲ ਕਰਨ ਲਈ ਗੱਲਬਾਤ ਅੱਗੇ ਵਧਾਉਣ ’ਤੇ ਸਹਿਮਤੀ ਜਤਾਈ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਭਾਰਤ ਵਾਲੇ ਪਾਸੇ ਚੁਸ਼ੂਲ ’ਚ ਭਾਰਤੀ ਫ਼ੌਜ ਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵਿਚਾਲੇ ਗੱਲਬਾਤ ਦਾ ਅੱਠਵਾਂ ਗੇੜ ਹੋਇਆ ਸੀ।
ਇਹ ਗੱਲਬਾਤ ਸਾਢੇ ਦਸ ਘੰਟੇ ਚੱਲੀ ਸੀ। ਇਸ ਦੌਰਾਨ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਨੇ ਜਲਦੀ ਹੀ ਮੁੜ ਮੀਟਿੰਗ ਕਰਨ ’ਤੇ ਵੀ ਸਹਿਮਤੀ ਜਤਾਈ ਸੀ। ਚੀਨ ਨਾਲ ਗੱਲਬਾਤ ਦੇ ਅੱਠਵੇਂ ਗੇੜ ਵਿੱਚ ਸ਼ਾਮਲ ਹੋਣ ਵਾਲੇ ਭਾਰਤੀ ਵਫ਼ਦ ਦੀ ਅਗਵਾਈ ਲੇਹ ਆਧਾਰਤ 14 ਕੋਰ ਦੇ ਨਵ ਨਿਯੁਕਤ ਕਮਾਂਡਰ ਲੈਫ਼ਟੀਨੈਂਟ ਜਨਰਲ ਪੀਜੀਕੇ ਮੈਨਨ ਨੇ ਕੀਤੀ ਸੀ। ਵਿਦੇਸ਼ ਮੰਤਰਾਲੇ ਵਿੱਚ ਜੁਆਇੰਟ ਸਕੱਤਰ (ਪੂਰਬੀ ਏਸ਼ੀਆ) ਨਵੀਨ ਸ੍ਰੀਵਾਸਤਵਾ ਵੀ ਭਾਰਤੀ ਵਫ਼ਦ ਦਾ ਹਿੱਸਾ ਸਨ।