ਭਾਰਤ ਤੇ ਚੀਨ ਵਿਚਾਲੇ ਚੌਥੇ ਗੇੜ ਦੀ ਲੈਫਟੀਨੈਂਟ ਜਨਰਲ-ਪੱਧਰ ਵਾਰਤਾ ਅੱਜ

ਨਵੀਂ ਦਿੱਲੀ (ਸਮਾਜਵੀਕਲੀ) : ਭਾਰਤ ਅਤੇ ਚੀਨੀ ਫੌਜ ਵਿਚਾਲੇ ਚੌਥੇ ਗੇੜ ਦੀ ਲੈਫਟੀਨੈਂਟ ਜਨਰਲ-ਪੱਧਰ ਵਾਰਤਾ ਮੰਗਲਵਾਰ ਲਈ ਨਿਰਧਾਰਿਤ ਹੈ। ਇਹ ਜਾਣਕਾਰੀ ਅੱਜ ਸੂਤਰਾਂ ਤੋਂ ਮਿਲੀ। ਊਨ੍ਹਾਂ ਦੱਸਿਆ ਕਿ ਇਸ ਵਾਰਤਾ ਦਾ ਮਕਸਦ ਪੂਰਬੀ ਲੱਦਾਖ ਵਿੱਚ ਫੌਜਾਂ ਨੂੰ ਪਿੱਛੇ ਹਟਾਊਣ ਅਤੇ ਤਣਾਅ ਘਟਾਊਣ ਦੀ ਕਾਰਵਾਈ ਦੇ ਅਗਲੇ ਪੜਾਅ ਨੂੰ ਅੰਤਿਮ ਰੂਪ ਦੇਣਾ ਹੈ।

ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਭਾਰਤ ਵਾਲੇ ਪਾਸੇ ਸਥਿਤ ਚੁਸ਼ੁਲ ਵਿੱਚ ਬੈਠਕ ਹੋਵੇਗੀ। ਦੋਵਾਂ ਧਿਰਾਂ ਵਲੋਂ ਊੱਚੇ- ਪਹਾੜੀ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਬਹਾਲੀ ਸਬੰਧੀ ਰੂਪ-ਰੇਖਾ ਨੂੰ ਅੰਤਿਮ ਰੂੁਪ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਖੇਤਰ ਵਿੱਚ ਦੋਵਾਂ ਮੁਲਕਾਂ ਦੀਆਂ ਫੌਜਾਂ ਵਿਚਾਲੇ ਅੱਠ ਹਫ਼ਤੇ ਤਣਾਅ ਬਣਿਆ ਰਿਹਾ।

ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲੲੇ) ਵਲੋਂ ਪਿਛਲੇ ਇੱਕ ਹਫ਼ਤੇ ਦੌਰਾਨ ਗੋਗਰਾ, ਹੌਟ ਸਪਰਿੰਗਜ਼ ਅਤੇ ਗਲਵਾਨ ਘਾਟੀ ਖੇਤਰ ਵਿਚੋਂ ਫੌਜਾਂ ਨੂੰ ਪਿੱਛੇ ਹਟਾਊਣ ਦੀ ਕਾਰਵਾਈ ਮੁਕੰਮਲ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪੈਂਗੌਂਗ ਝੀਲ ਖੇਤਰ ਦੀ ਫਿੰਗਰ 4 ਵਿੱਚ ਆਪਣੇ ਜਵਾਨਾਂ ਦੀ ਗਿਣਤੀ ਘਟਾਈ ਗਈ ਹੈ।

ਭਾਰਤ ਵਲੋਂ ਚੀਨ ’ਤੇ ਫਿੰਗਰ 4 ਅਤੇ 8 ਵਿਚਾਲੇ ਪੈਂਦੇ ਖੇਤਰ ’ਚੋਂ ਆਪਣੀਆਂ ਫੌਜਾਂ ਹਟਾਊਣ ਲਈ ਜ਼ੋਰ ਪਾਇਆ ਜਾ ਰਿਹਾ ਹੈ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਪਿਛਲੇ ਐਤਵਾਰ ਨੂੰ ਕਰੀਬ ਦੋ ਘੰਟੇ ਟੈਲੀਫੋਨ ’ਤੇ ਹੋਈ ਗੱਲਬਾਤ ਮਗਰੋਂ ਫੌਜਾਂ ਪਿੱਛੇ ਹਟਾਊਣ ਦੀ ਰਸਮੀ ਕਾਰਵਾਈ ਪਿਛਲੇ ਸੋਮਵਾਰ ਨੂੰ ਸ਼ੁਰੂ ਹੋਈ ਸੀ।

Previous articleਤਿਲੰਗਾਨਾ ਹਾਈ ਕੋਰਟ ਵਲੋਂ ਸਕੱਤਰੇਤ ਢਾਹੁਣ ’ਤੇ ਸਟੇਅ
Next articleਕਾਂਗਰਸੀ ਵਿਧਾਇਕ ਹੋਟਲ ’ਚ ਤਬਦੀਲ