ਪੇਈਚਿੰਗ (ਸਮਾਜਵੀਕਲੀ): ਚੀਨ ਤੇ ਭਾਰਤ ਅਸਲ ਕੰਟਰੋਲ ਰੇਖਾ ’ਤੇ ਸ਼ਾਂਤੀ ਕਾਇਮ ਰੱਖਣ ਤੇ ਅੜਿੱਕੇ ਨੂੰ ਗੱਲਬਾਤ ਰਾਹੀਂ ਸੁਲਝਾਉਣ ਅਤੇ ਦੋਵਾਂ ਮੁਲਕਾਂ ਦੀ ਅਗਵਾਈ ਹੇਠ ਬਣੀ ਸਹਿਮਤੀ ਨੂੰ ਲਾਗੂ ਕਰਨ ’ਤੇ ਸਹਿਮਤ ਹੋੲੇ ਹਨ। ਇਹ ਦਾਅਵਾ ਚੀਨ ਦੇ ਸਿਖਰਲੇ ਅਧਿਕਾਰੀ ਨੇ ਕੀਤਾ।
ਚੀਨੀ ਵਿਦੇਸ਼ ਮੰਤਰਾਲੇ ਦੀ ਤਰਜ਼ਮਾਨ ਹੁਆ ਚੁਨਯਿੰਗ ਦੀ ਇਹ ਟਿੱਪਣੀ ਸਰਹੱਦ ’ਤੇ ਮੌਜੂਦਾ ਅੜਿੱਕੇ ਨੂੰ ਦੁਵੱਲੇ ਸਮਝੌਤੇ ਤਹਿਤ ਸੁਲਝਾਉਣ ਲਈ ਫੌਜੀ ਪੱਧਰ ’ਤੇ ਹੋਈ ਮੀਟਿੰਗ ਤੋਂ ਦੋ ਦਿਨ ਬਾਅਦ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਛੇ ਜੂਨ ਨੂੰ ਭਾਰਤ-ਚੀਨ ਦੇ ਫੌਜੀ ਕਮਾਂਡਰਾਂ ਵਿਚਾਲੇ ਹੋਈ ਮੀਟਿੰਗ ’ਚ ਲੰਮੀ ਵਿਚਾਰ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਹਾਲਾਤ ’ਤੇ ਕੂਟਨੀਤਕ ਤੇ ਫੌਜੀ ਪੱਧਰ ਦੀ ਵਾਰਤਾ ਕਰ ਰਹੀਆਂ ਹਨ।
ਉਨ੍ਹਾਂ ਕਿਹਾ, ‘ਇੱਕ ਸਹਿਮਤੀ ਇਹਬਣੀ ਹੈ ਕਿ ਦੋਵਾਂ ਧਿਰਾਂ ਨੂੰ ਦੋਵਾਂ ਦੇਸ਼ਾਂ ਦੇ ਆਗੂਆਂ ਵਿਚਾਲੇ ਬਣੀ ਸਹਿਮਤੀ ਲਾਗੂ ਕਰਨ ਦੀ ਜ਼ਰੂਰਤ ਹੈ ਤਾਂ ਜੋ ਕੋਈ ਵਿਵਾਦ ਪੈਦਾ ਨਾ ਹੋਵੇ। ਦੋਵੇਂ ਧਿਰਾਂ ਸਰਹੱਦ ’ਤੇ ਅਮਨ ਤੇ ਸਬਰ ਕਾਇਮ ਰੱਖਣ ਦਾ ਕੰਮ ਕਰਨਗੀਆਂ ਤੇ ਮਾਹੌਲ ਸਾਜ਼ਗਾਰ ਰੱਖਿਆ ਜਾਵੇਗਾ।’