ਭਾਰਤ ਤੇ ਆਸਟਰੇਲੀਆ ਵਿਚਾਲੇ ਇੱਕ ਰੋਜ਼ਾ ਮੈਚਾਂ ਦੀ ਲੜੀ ਅੱਜ ਤੋਂ

ਹੈਦਰਾਬਾਦ ਵਿਚ ਬਾਅਦ ਦੁਪਹਿਰ 1.30 ਵਜੇ ਹੋਵੇਗਾ ਮੈਚ ਸ਼ੁਰੂ

ਭਾਰਤੀ ਕ੍ਰਿਕਟ ਟੀਮ ਭਲਕੇ ਦੋ ਮਾਰਚ ਤੋਂ ਆਸਟਰੇਲੀਆ ਖ਼ਿਲਾਫ਼ ਸ਼ੁਰੂ ਹੋ ਰਹੀ ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ’ਚ ਵੀ ਤਜਰਬੇ ਕਰਨੇ ਜਾਰੀ ਰੱਖੇਗੀ ਤਾਂ ਜੋ ‘ਵਿਸ਼ਵ ਕੱਪ ਟੀਮ’ ’ਚ ਥਾਂ ਪੱਕੀ ਹੋ ਸਕੇ। ਟੀਮ ਹੌਲੀ ਹੌਲੀ ਵਿਸ਼ਵ ਕੱਪ ਦੇ ਰੰਗ ’ਚ ਰੰਗ ਰਹੀ ਹੈ।
ਕੋਹਲੀ ਨੇ ਬੰਗਲੁਰੂ ’ਚ ਮਿਲੀ ਹਾਰ ਤੋਂ ਬਾਅਦ ਕਿਹਾ, ‘ਹਰ ਟੀਮ ਵਿਸ਼ਵ ਕੱਪ ਤੋਂ ਪਹਿਲਾਂ ਖੁਦ ਨੂੰ ਬਿਹਤਰ ਕਰਨਾ ਚਾਹੁੰਦੀ ਹੈ ਅਤੇ ਅਸੀਂ ਇੱਕ ਰੋਜ਼ਾ ਲੜੀ ’ਚ ਵੀ ਇਹੀ ਸਿਲਸਿਲਾ ਜਾਰੀ ਰੱਖਾਂਗੇ, ਪਰ ਫਿਰ ਵੀ ਅਸੀਂ ਹਰ ਮੈਚ ਜਿੱਤਣਾ ਚਾਹੁੰਦੇ ਹਾਂ।’ ਇਸ ਪੰਜ ਮੈਚਾਂ ਦੀ ਲੜੀ ’ਚ ਘੱਟ ਤੋਂ ਘੱਟ ਚਾਰ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦੇਖਿਆ ਜਾਵੇਗਾ ਅਤੇ ਚੰਗੇ ਪ੍ਰਦਰਸ਼ਨ ਤੋਂ ਤੈਅ ਹੋਵੇਗਾ ਕਿ ਕੋਈ ਖਿਡਾਰੀ ਵਿਸ਼ਵ ਕੱਪ ਟੀਮ ’ਚ ਸ਼ਾਮਲ ਹੋਵੇਗਾ ਜਾਂ ਨਹੀਂ। ਲੋਕੇਸ਼ ਰਾਹੁਲ, ਰਿਸ਼ਭ ਪੰਮ, ਵਿਜੈ ਸ਼ੰਕਰ ਅਤੇ ਸਿੱਧਾਰਥ ਕੌਲ ਇਹ ਚਾਰ ਖਿਡਾਰੀ ਹਨ ਜੋ ਬਰਤਾਨੀਆ ਜਾਣ ਵਾਲੀ 15 ਮੈਂਬਰੀ ਟੀਮ ’ਚ ਦੋ ਸਥਾਨ ਹਾਸਲ ਕਰਨ ਲਈ ਜੱਦੋ-ਜਹਿਦ ਕਰਨਗੇ। ਹਾਲਾਂਕਿ ਕਈਆਂ ਦਾ ਮੰਨਣਾ ਹੈ ਕਿ ਦਿਨੇਸ਼ ਕਾਰਤਿਕ ਨੂੰ ਵੀ ਟੀਮ ’ਚ ਥਾਂ ਬਣਾਉਣ ਦੇ ਮੌਕੇ ਤੋਂ ਬਾਹਰ ਨਹੀਂ ਕੀਤਾ ਜਾ ਸਕਦਾ ਅਤੇ ਉਹ ਇਨ੍ਹਾਂ ਖਿਡਾਰੀਆਂ ਦੇ ਪ੍ਰਦਰਸ਼ਨ ’ਤੇ ਨਜ਼ਰ ਰੱਖੇਗਾ। ਇਨ੍ਹਾਂ ਚਾਰ ਖਿਡਾਰੀਆਂ ਲਈ ਇਹ ਪੰਜ ਮੈਚ ਪ੍ਰੀਖਿਆ ਦੀ ਘੜੀ ਹੋਣਗੇ ਅਤੇ ਆਖਰੀ ਇੱਕਰੋਜ਼ਾ ’ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਉਹ ਆਪਣੇ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੁਣਗੇ।
ਰਾਹੁਲ ਨੇ ਦੋ ਟੀ-20 ਮੈਚਾਂ ’ਚ ਚੰਗੀਆਂ ਪਾਰੀਆਂ ਖੇਡੀਆਂ ਹਨ ਤੇ ਉਹ ਚੰਗੀ ਲੈਅ ’ਚ ਹੈ ਅਤੇ ਉਸ ਨੂੰ ਸਿਖਰਲੇ ਕ੍ਰਮ ’ਚ ਥਾਂ ਮਿਲਣ ਦੀ ਆਸ ਹੈ। ਇਹ ਬੱਲੇਬਾਜ਼ ਰਾਖਵੇਂ ਸਲਾਮੀ ਬੱਲੇਬਾਜ਼ ਦੀ ਥਾਂ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਸਾਰਿਆਂ ਦੀਆਂ ਨਜ਼ਰਾਂ ਰਿਸ਼ਭ ਦੇ ਪ੍ਰਦਰਸ਼ਨ ’ਤੇ ਲੱਗੀਆਂ ਹੋਈਆਂ ਹਨ ਜੋ ਛੋਟੀ ਵੰਨਗੀ ’ਚ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ, ਪਰ ਉਸ ਦੀ ਪ੍ਰਤਿਭਾ ਤੇ ਇਕੱਲੇ ਆਪਣੇ ਦਮ ’ਤੇ ਮੈਚ ਜਿਤਿਆਉਣ ਦੀ ਸਮਰਥਾ ਨੂੰ ਦੇਖਦਿਆਂ ਟੀਮ ਪ੍ਰਬੰਧਨ ਆਖਰੀ ਫ਼ੈਸਲਾ ਕਰਨ ਤੋਂ ਪਹਿਲਾਂ ਉਸ ਨੂੰ ਕੁਝ ਹੋਰ ਮੈਚ ਦੇਣਾ ਚਾਹੇਗਾ। ਵਿਜੈ ਸ਼ੰਕਰ ਦੀ ਗੇਂਦਬਾਜ਼ੀ ਇੰਨੀ ਬਿਹਤਰ ਨਹੀਂ ਹੈ, ਪਰ ਹਾਰਦਿਕ ਪਾਂਡਿਆ ਦੀ ਫਿਟਨੈੱਸ ਕਾਰਨ ਉਹ ਦੂਜੇ ਆਲਰਾਊਂਡਰ ਦੀ ਥਾਂ ਦਾਅਵਾ ਕਰਨ ਲਈ ਦੌੜ ’ਚ ਬਣਿਆ ਰਹੇਗਾ। ਕੌਲ ਟੀਮ ’ਚ ਰਾਖਵੇਂ ਗੇਂਦਬਾਜ਼ ਵਜੋਂ ਥਾਂ ਬਣਾ ਸਕਦਾ ਹੈ।

Previous articleਅਜ਼ਹਰ ਦੇ ਮੁੱਦੇ ਉੱਤੇ ਚੀਨ ਨਾਲ ਸੌਦੇਬਾਜ਼ੀ ਲਈ ਭਾਰਤ ਯਤਨਸ਼ੀਲ
Next articleਟੀ-20 ਰੈਂਕਿੰਗ: ਰਾਹੁਲ ਸਿਖਰਲੇ ਦਸ ਬੱਲੇਬਾਜ਼ਾਂ ’ਚ ਸ਼ਾਮਲ