ਭਾਰਤ ਜੋੜੋ ਯਾਤਰਾ

(ਸਮਾਜ ਵੀਕਲੀ)

ਟੁੱਟਣਾ ਜੁੜਨਾ ਬਣਨਾ ਢਹਿਣਾ ਪ੍ਰਕਿਰਤੀ ਦਾ ਨਿਯਮ ਹੈ। ਇਹ ਵਿਗਿਆਨ ਦੇ ਅਟੱਲ ਨਿਯਮਾਂ ਵਿੱਚੋਂ ਇੱਕ ਹੈ, ਜਿਸਦਾ ਵਿਸ਼ਲੇਸ਼ਣ ਕਿੰਨਾ ਵੀ ਲੰਮਾ ਕਿਉਂ ਨਾ ਲਿਜਾਇਆ ਜਾਵੇ ਪਰ ਸਿੱਟਾ ਨਿਯਮ ਦੀ ਗਤੀਸ਼ੀਲਤਾ ਹੈ ਜੋ ਨਿਰੰਤਰ ਗਤੀਮਾਨ ਹੈ। ਸੈੱਲਾਂ ਦੇ ਟੁੱਟਣ ਭੱਜਣ ਦੀ ਪ੍ਰਕਿਰਿਆ ਮਨੁੱਖ ਨੂੰ ਨਿੱਤ ਨਵਾਂ ਰੂਪ ਦਿੰਦੀ ਹੈ, ਉਸੇ ਤਰ੍ਹਾਂ ਵਿਚਾਰਾਂ ਦੀ ਟੁੱਟ-ਭੱਜ ਨਵੇਂ ਵਿਚਾਰਾਂ ਨੂੰ ਜਨਮ ਦਿੰਦੀ ਹੈ, ਜਿਸ ਵਿੱਚੋਂ ਨਵੀਂਆਂ ਤਬਦੀਲੀਆਂ ਪੈਦਾ ਹੁੰਦੀਆਂ ਹਨ। ਸਮਾਜ ਨਵੇਂ ਰਸਤਿਆਂ ਤੇ ਤੁਰਨ ਲਈ ਯਤਨਸ਼ੀਲ ਹੁੰਦਾ ਹੈ। ਮਨੁੱਖੀ ਸੱਭਿਅਤਾ ਦਾ ਇਤਿਹਾਸ ਇਸ ਗੱਲ ਦੀ ਸਾਹਦੀ ਭਰਦਾ ਹੈ ਕਿ ਕਿਵੇਂ ਡਾਰਵਿਨ ਦੇ ਸਿਧਾਂਤ ਅਨੁਸਾਰ ਵਿਕਾਸ ਦੀ ਪ੍ਰਕਿਰਿਆ ਨੇ ਮਨੁੱਖ ਨੂੰ ਸਰੀਰਕ, ਮਾਨਸਿਕ, ਆਰਥਿਕ ਅਤੇ ਸਮਾਜਿਕ ਤੌਰ ਤੇ ਤਬਦੀਲ ਕੀਤਾ। ਕਿਵੇਂ ਮਨੁੱਖ ਜੰਗਲੀ ਸੱਤਾ ਤੋਂ ਤਾਨਾਸ਼ਾਹੀ ਅਤੇ ਤਾਨਾਸ਼ਾਹੀ ਤੋਂ ਲੋਕਤੰਤਰ ਵਿੱਚ ਪ੍ਰਵੇਸ਼ ਕੀਤਾ।

ਸਮਾਂ ਤਬਦੀਲੀ ਲੋਚਦਾ ਹੀ ਨਹੀਂ ਤਬਦੀਲੀ ਲਿਆਉਂਦਾ ਵੀ ਹੈ। ਭਾਰਤੀ ਲੋਕਤੰਤਰ ਵੀ ਅੱਜ ਅਜਿਹੇ ਹੀ ਦੌਰ ਵਿੱਚੋਂ ਪੈਰ ਬਚਾ ਕੇ ਲੰਘ ਰਿਹਾ ਹੈ, ਜਿੱਥੇ ਕੁਝ ਮਾਰੂ ਤਾਕਤਾਂ ਸਮੇਂ ਦੇ ਚੱਕਰ ਨੂੰ ਪੁੱਠਾ ਗੇੜ ਦੇਣ ਲਈ ਤਿਆਰੀ ਖਿੱਚ ਰਹੀਆਂ ਹਨ। ਬਹੁਤੇ ਅਖਾਉਤੀ ਗਿਆਨੀਆਂ ਨੇ ਉਜਾੜੇ ਦੇ ਰਾਹ ਖੋਲ ਦਿੱਤੇ ਹਨ, ਜੋ ਬਿਨਾਂ ਸਿਰ ਪੈਰ ਦੀ ਮੂੰਹ ਫੁੱਟ ਨੂੰ ਸਿਆਸਤ ਸਮਝ ਬੈਠੇ ਸਨ। ਜਿੰਨਾਂ ਨੇ ‘ਮੂੰਹ ਤੇ ਰਾਮ, ਬਗਲ ਵਿੱਚ ਛੁਰੀਆਂ’ ਵਾਲੀ ਕਹਾਵਤ ਨੂੰ ਵੀ ਕੋਹਾਂ ਪਿੱਛੇ ਛੱਡ ਦਿੱਤਾ ਹੈ, ਇਨ੍ਹਾਂ ਦੇ ਬੁੱਲਾਂ ਤੇ ਗਾਲ੍ਹਾਂ ਅਤੇ ਬਗਲ ਵਿੱਚ ਕਤਲ, ਬਲਾਤਕਾਰ ਅਤੇ ਡਕੈਤੀਆਂ ਦੇ ਭੰਡਾਰ ਹਨ। ਚਾਰੇ ਪਾਸੇ ਨਫਰਤ ਦਾ ਲਾਵਾ ਫੈਲਿਆ ਹੈ। ਧਰਮ ਦਾ ਮੁੱਦਾ, ਲੋਕਤੰਤਰ ਦੀ ਹਿੱਕ ਤੇ ਬੈਠ ਕੇ ਸਾਸਨ ਕਰ ਰਿਹਾ ਹੈ।

ਪਰ ਅਜਿਹੇ ਖਤਰਨਾਕ ਦੌਰ ਵਿੱਚ ਕਮਾਲ ਦੀ ਗੱਲ ਇਹ ਹੋਈ ਕਿ ਉਹ ਮਨੁੱਖ, ਜਿਸਨੂੰ ਅਖਾਉਤੀ ਵਿਦਵਾਨਾਂ ਨੇ ਪੱਪੂ ਕਹਿ ਕੇ ਮੰਦਬੁੱਧੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ, ਦੇਸ਼ ਦੇ ਵਿਕਾਊ ਮੀਡੀਆ ਨੇ ਜਿਸ ਵਿਅਕਤੀ ਨੂੰ ਅਯੋਗ ਅਤੇ ਮੂਰਖ ਸਾਬਿਤ ਕਰਨ ਲਈ ਲੋਕ ਮਨਾਂ ਚੋਂ ਕੱਢਣ ਦਾ ਸੰਘਰਸ ਵਿੱਢਿਆ, ਉਹ ਵਿਅਕਤੀ ਹਰ ਪਾਸਿਓ ਮੈਲੀ ਟੁੱਟੀ ਭੱਜੀ ਮਨੁੱਖਤਾ ਲਈ ਜੋੜਨ ਦਾ ਹੋਕਾ ਲੈ ਕੇ ਆਪਣੇ ਘਰ ਤੋਂ ਨਿੱਕਲਿਆ। ਮੈਂ ਕਦੇ ਵੀ ਕਾਂਗਰਸ ਪਾਰਟੀ ਦਾ ਹਿਤੈਸੀ ਨਹੀਂ ਰਿਹਾ ਪਰ ਫਿਰ ਵੀ ਐਨਾ ਜਰੂਰ ਕਹਿਣਾ ਚਾਹਾਂਗਾ ਕਿ ਇਤਿਹਾਸ ਗਵਾਹ ਹੈ ਕਿ ਜੋ ਜੋੜਨ ਦੇ ਇਰਾਦੇ ਲੈ ਕੇ ਤੁਰਿਆ, ਬੇਸ਼ੱਕ ਸਾਹਮਣੇ ਕਿੰਨੀਆਂ ਵੀ ਵੱਡੀਆਂ ਤਾਕਤਾਂ ਕਿਉਂ ਨਾ ਅੜੀਆਂ ਹੋਣ ਪਰ ਅੰਤ ਨੂੰ ਸਫਲਤਾ ਨੇ ਆ ਕੇ ਉਸ ਦੇ ਕਦਮ ਚੁੰਮੇ…

ਅਮਨ ਜੱਖਲਾਂ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਬੰਦਿਆ