ਸਿਡਨੀ (ਸਮਾਜ ਵੀਕਲੀ) : ਭਾਰਤ ਖ਼ਿਲਾਫ਼ ਹੋਣ ਵਾਲੀਆਂ ਇੱਕ ਰੋਜ਼ਾ ਅਤੇ ਟੀ-20 ਕ੍ਰਿਕਟ ਲੜੀਆਂ ਲਈ ਕੇਨ ਰਿਚਰਡਸਨ ਦੀ ਥਾਂ ਤੇਜ਼ ਗੇਂਦਬਾਜ਼ ਐਂਡਰਿਊ ਟਾਈ ਨੂੰ ਆਸਟਰੇਲਿਆਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਰਿਚਰਡਸਨ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਆਪਣੇ ਪਰਿਵਾਰ ਨਾਲ ਰਹਿਣ ਦਾ ਫ਼ੈਸਲਾ ਕੀਤਾ ਹੈ। ਕ੍ਰਿਕਟ ਆਸਟਰੇਲੀਆ (ਸੀਏ) ਨੇ ਕਿਹਾ ਕਿ ਰਿਚਰਡਸਨ ਨੇ ਕੌਮੀ ਚੋਣਕਾਰਾਂ ਨੂੰ ਆਪਣੇ ਫ਼ੈਸਲੇ ਬਾਰੇ ਦੱਸ ਦਿੱਤਾ ਕਿ ਉਹ ਆਪਣੀ ਪਤਨੀ ਅਤੇ ਨਵਜੰਮੇ ਬੱਚੇ ਨੂੰ ਸਮਾਂ ਦੇਣ ਲਈ ਟੀਮ ਤੋਂ ਹਟ ਰਿਹਾ ਹੈ। ਕੌਮੀ ਚੋਣਕਾਰ ਟਰੈਵਰ ਹੌਂਸ ਨੇ ਸੀਏ ਵੱਲੋਂ ਜਾਰੀ ਬਿਆਨ ਵਿੱਚ ਕਿਹਾ, ‘‘ਇਹ ਕੇਨ ਲਈ ਮੁਸ਼ਕਲ ਫ਼ੈਸਲਾ ਸੀ, ਪਰ ਇਸ ਨੂੰ ਚੋਣਕਾਰਾਂ ਅਤੇ ਟੀਮ ਦਾ ਪੂਰਾ ਸਮਰਥਨ ਹਾਸਲ ਹੈ।’’
ਹੌਂਸ ਨੇ ਕਿਹਾ, ‘‘ਸਾਨੂੰ ਟੀਮ ਵਿੱਚ ਉਸ ਦੀ ਘਾਟ ਰੜਕੇਗੀ, ਪਰ ਅਸੀਂ ਉਸ ਦੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਅਤੇ ਇਸ ਦਾ ਸਮਰਥਨ ਕਰਦੇ ਹਾਂ।’’
ਅਜਿਹਾ ਜਾਪਦਾ ਹੈ ਕਿ ਰਿਚਰਡਸਨ ਨੇ ਇਹ ਫ਼ੈਸਲਾ ਇਸ ਹਫ਼ਤੇ ਐਡੀਲੇਡ ਵਿੱਚ ਕਰੋਨਾਵਾਇਰਸ ਦੇ ਵਧਦੇ ਮਾਮਲਿਆਂ ਅਤੇ ਕੁੱਝ ਸੂਬਿਆਂ ਵੱਲੋਂ ਆਪਣੀਆਂ ਸਰਹੱਦਾਂ ਬੰਦ ਕਰਨ ਕਾਰਨ ਲਿਆ ਹੈ। ਕੁੱਝ ਸੂਬਿਆਂ ਦੀਆਂ ਸਰਹੱਦਾਂ ਬੰਦ ਹੋਣ ਕਾਰਨ ਸੀਏ ਨੂੰ ਕਪਤਾਨ ਟਿਮ ਪੇਨ ਅਤੇ ਮਾਰਨੁਸ ਲਾਬੂਸ਼ਾਨੇ ਸਣੇ ਆਪਣੇ ਕੁੱਝ ਕ੍ਰਿਕਟਰਾਂ ਨੂੰ 27 ਨਵੰਬਰ ਨੂੰ ਭਾਰਤ ਖ਼ਿਲਾਫ਼ ਸਿਡਨੀ ਵਿੱਚ ਹੋਣ ਵਾਲੇ ਪਹਿਲੇ ਇੱਕ ਰੋਜ਼ਾ ਤੋਂ ਪਹਿਲਾਂ ਇੱਥੇ ਜਹਾਜ਼ ਰਾਹੀਂ ਲਿਆਉਣਾ ਪਿਆ।
ਭਾਰਤ ਅਤੇ ਆਸਟਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਟੈਸਟ 17 ਦਸੰਬਰ ਤੋਂ ਐਡੀਲੇਡ ਵਿੱਚ ਖੇਡਿਆ ਜਾਣਾ ਹੈ। ਸੀਏ ਹਾਲਾਂਕਿ ਪਹਿਲਾਂ ਹੀ ਸਪੱਸ਼ਟ ਕਰ ਚੁੱਕਿਆ ਹੈ ਕਿ ਉਹ ਪਹਿਲਾ ਟੈਸਟ ਮੈਚ (ਦਿਨ-ਰਾਤ) ਐਡੀਲੇਡ ਵਿੱਚ ਕਰਵਾਉਣ ਲਈ ਵਚਨਬੱਧ ਹੈ ਅਤੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।