ਨਵੀਂ ਦਿੱਲੀ– ਮੁਲਕ ’ਚ ਲੌਕਡਾਊਨ ਲਈ ਕੌਮ ਤੋਂ ਮੁਆਫ਼ੀ ਮੰਗਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਇਹ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਭਾਰਤ ਕਰੋਨਾਵਾਇਰਸ ਖ਼ਿਲਾਫ਼ ਜੰਗ ਯਕੀਨੀ ਤੌਰ ’ਤੇ ਜਿੱਤੇਗਾ। ਆਕਾਸ਼ਵਾਣੀ ’ਤੇ ਮਾਸਿਕ ‘ਮਨ ਕੀ ਬਾਤ’ ਦੌਰਾਨ ਸ੍ਰੀ ਮੋਦੀ ਨੇ ਵਾਇਰਸ ਖ਼ਿਲਾਫ਼ ਮੋਹਰੀ ਹੋ ਕੇ ਲੜ ਰਹੇ ਵਰਕਰਾਂ ਅਤੇ ਲੋੜੀਂਦੀਆਂ ਸੇਵਾਵਾਂ ਬਹਾਲ ਰੱਖਣ ਵਾਲੇ ਅਣਗਿਣਤ ਵਿਅਕਤੀਆਂ ਦੀ ਸ਼ਲਾਘਾ ਕੀਤੀ ਜੋ ਮੁਲਕ ’ਚ 21 ਦਿਨ ਦੇ ਲੌਕਡਾਊਨ ਦੌਰਾਨ ਕੋਈ ਖੜੋਤ ਨਹੀਂ ਆਉਣ ਦੇ ਰਹੇ ਹਨ।
ਸ੍ਰੀ ਮੋਦੀ ਨੇ ਕਿਹਾ,‘‘ਮੈਂ ਮੁਆਫ਼ੀ ਮੰਗਦਾ ਹਾਂ, ਮੈਨੂੰ ਪੱਕਾ ਪਤਾ ਹੈ ਕਿ ਤੁਸੀਂ ਮੈਨੂੰ ਮੁਆਫ਼ ਕਰ ਦੇਵੋਗੇ। ਜਦੋਂ ਮੈਂ ਆਪਣੇ ਗਰੀਬ ਭੈਣਾਂ ਅਤੇ ਭਰਾਵਾਂ ਨੂੰ ਦੇਖਦਾ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਉਹ ਪੱਕਾ ਆਖ ਰਹੇ ਹੋਣਗੇ ਕਿ ਇਹ ਕਿਹੋ ਜਿਹਾ ਪ੍ਰਧਾਨ ਮੰਤਰੀ ਹੈ ਜਿਸ ਨੇ ਸਾਨੂੰ (ਲੋਕਾਂ ਨੂੰ) ਮੁਸ਼ਕਲ ’ਚ ਪਾ ਦਿੱਤਾ ਹੈ। ਕਰੋਨਾਵਾਇਰਸ ਨਾਲ ਲੜਨ ਲਈ 130 ਕਰੋੜ ਦੀ ਆਬਾਦੀ ਕੋਲ ਕੋਈ ਹੋਰ ਰਾਹ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਲੌਕਡਾਊਨ ਦੇ ਦੌਰ ’ਚੋਂ ਗੁਜ਼ਰ ਰਹੀ ਹੈ ਅਤੇ ਇਹੋ ਇਕੋ ਰਾਹ ਬਚਿਆ ਹੈ। ‘ਆਖਿਰ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਹੈ। ਮੈਂ ਇਕ ਵਾਰ ਫਿਰ ਕਿਸੇ ਵੀ ਅਸੁਵਿਧਾ ਲਈ ਮੁਆਫ਼ੀ ਮੰਗਦਾ ਹਾਂ।’ ਉਨ੍ਹਾਂ ਪੁਰਾਤਨ ਅਖਾਣ ਦਾ ਹਵਾਲਾ ਦਿੱਤਾ ਜਿਸ ਮੁਤਾਬਕ ਬਿਮਾਰੀ ਅਤੇ ਮੁਸੀਬਤ ਨੂੰ ਜੜ੍ਹ ਤੋਂ ਹੀ ਪੁੱਟ ਦੇਣਾ ਚਾਹੀਦਾ ਹੈ ਕਿਉਂਕਿ ਜਦੋਂ ਇਹ ਨਾਸੂਰ ਬਣ ਜਾਂਦੀ ਹੈ ਤਾਂ ਇਸ ਦਾ ਇਲਾਜ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਕੁਝ ਘਟਨਾਵਾਂ ਨੂੰ ਵੀ ਮੰਦਭਾਗਾ ਕਰਾਰ ਦਿੱਤਾ ਜਿਥੇ ਕਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਇਕਾਂਤਵਾਸ ’ਚ ਰੱਖੇ ਜਾਣ ’ਤੇ ਮਾੜਾ ਵਿਵਹਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਲੋੜ ਹੈ ਨਾ ਕਿ ਮਨੁੱਖੀ ਜਾਂ ਜਜ਼ਬਾਤੀ ਤੌਰ ’ਤੇ ਵੱਖ ਹੋਣਾ ਚਾਹੀਦਾ ਹੈ। ਕਰੀਬ ਅੱਧੇ ਘੰਟੇ ਦੇ ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ,‘‘ਕਰੋਨਾਵਾਇਰਸ ਲੋਕਾਂ ਦੀ ਜਾਨ ਦਾ ਖੌਅ ਬਣਿਆ ਹੋਇਆ ਹੈ। ਇਸ ਲਈ ਪੂਰੀ ਮਨੁੱਖਤਾ ਨੂੰ ਇਕੱਠੇ ਹੋ ਕੇ ਉਸ ਦੇ ਖਾਤਮੇ ਲਈ ਸਿੱਝਣਾ ਚਾਹੀਦਾ ਹੈ।’’
ਜਿਹੜੇ ਵਿਅਕਤੀ 21 ਦਿਨ ਦੇ ਲੌਕਡਾਊਨ ਦੌਰਾਨ ਨੇਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ, ਉਨ੍ਹਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜੋ ਉਲੰਘਣਾ ਕਰ ਰਹੇ ਹਨ, ਉਹ ਹਾਲਾਤ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ ਹਨ। ‘ਜੇਕਰ ਉਹ ਲੌਕਡਾਊਨ ਦੇ ਨੇਮਾਂ ਦਾ ਪਾਲਣ ਨਹੀਂ ਕਰਨਗੇ ਤਾਂ ਸਾਰਿਆਂ ਨੂੰ ਕਰੋਨਾਵਾਇਰਸ ਤੋਂ ਆਪਣੇ ਆਪ ਨੂੰ ਬਚਾਉਣਾ ਮੁਸ਼ਕਲ ਹੋਵੇਗਾ। ‘ਦੁਨੀਆਂ ’ਚ ਕਈ ਲੋਕ ਇਸੇ ਗਲਤਫਹਿਮੀ ’ਚ ਸਨ ਕਿ ਉਨ੍ਹਾਂ ’ਤੇ ਕਰੋਨਾਵਾਇਰਸ ਦਾ ਅਸਰ ਨਹੀਂ ਹੋਵੇਗਾ ਪਰ ਹੁਣ ਉਹ ਅਫ਼ਸੋਸ ਕਰ ਰਹੇ ਹਨ। ਨੇਮਾਂ ਨੂੰ ਤੋੜਨ ਵਾਲੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ।’ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ’ਚ ਵਿਹਲੇ ਬੈਠ ਕੇ ਸਮੇਂ ਦੀ ਵਰਤੋਂ ਪੁਰਾਣੇ ਸ਼ੌਕਾਂ ਨੂੰ ਪੂਰਾ ਕਰਨ ਅਤੇ ਪੁਰਾਣੇ ਦੋਸਤਾਂ ਨਾਲ ਸੰਪਰਕ ਬਣਾਉਣ ’ਚ ਕਰਨ।
‘ਮਨ ਕੀ ਬਾਤ’ ਦੌਰਾਨ ਉਨ੍ਹਾਂ ਕਰੋਨਾਵਾਇਰਸ ਮਗਰੋਂ ਠੀਕ ਹੋਏ ਦੋ ਵਿਅਕਤੀਆਂ ਰਾਮਾਗਾਂਪਾ ਤੇਜਾ ਤੇ ਆਗਰਾ ਦੇ ਅਸ਼ੋਕ ਕਪੂਰ ਅਤੇ ਦੋ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ। ਤੇਜਾ ਨੇ ਕਿਹਾ ਕਿ ਉਹ ਸ਼ੁਰੂ ’ਚ ਬਹੁਤ ਡਰ ਗਿਆ ਸੀ ਪਰ ਬਾਅਦ ’ਚ ਡਾਕਟਰਾਂ ਅਤੇ ਹਸਪਤਾਲ ਦੇ ਅਮਲੇ ਨੇ ਉਸ ਨੂੰ ਹੱਲਾਸ਼ੇਰੀ ਦਿੱਤੀ। ਅਸ਼ੋਕ ਕਪੂਰ ਦਾ ਪੂਰਾ ਪਰਿਵਾਰ ਕਰੋਨਾਵਾਇਰਸ ਤੋਂ ਪੀੜਤ ਸੀ। ਉਸ ਦੇ ਦੋ ਬੇਟੇ ਅਤੇ ਪਰਿਵਾਰਕ ਮੈਂਬਰਾਂ ਨੂੰ ਇਟਲੀ ਤੋਂ ਵਾਇਰਸ ਹੋਇਆ ਸੀ। ਪ੍ਰਧਾਨ ਮੰਤਰੀ ਨੇ ਸ੍ਰੀ ਕਪੂਰ ਨੂੰ ਕਿਹਾ ਕਿ ਉਹ ਕਰੋਨਾਵਾਇਰਸ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਜਾਗਰੂਕਤਾ ਫੈਲਾਉਣ। ਵਾਰਤਾ ਦੌਰਾਨ ਡਾਕਟਰ ਨਿਤੀਸ਼ ਗੁਪਤਾ ਨੇ ਕਿਹਾ ਕਿ ਹੋਰ ਮੁਲਕਾਂ ’ਚ ਹੋ ਰਹੀਆਂ ਮੌਤਾਂ ਨੂੰ ਦੇਖ ਕੇ ਮਰੀਜ਼ ਡਰ ਗਏ ਹਨ ਅਤੇ ਉਨ੍ਹਾਂ ਨੂੰ ਕਾਊਂਸਲਿੰਗ ਦੀ ਲੋੜ ਹੈ। ਪੁਣੇ ਦੇ ਡਾਕਟਰ ਬੋਰਸੇ ਨੇ ਦੱਸਿਆ ਕਿ ਹਸਪਤਾਲ ’ਚ ਦਾਖ਼ਲ ਸਾਰੇ ਮਰੀਜ਼ ਤੰਦਰੁਸਤ ਹੋ ਰਹੇ ਹਨ।
HOME ਭਾਰਤ ਕਰੋਨਾਵਾਇਰਸ ਨੂੰ ਮਾਤ ਦੇ ਕੇ ਰਹੇਗਾ: ਮੋਦੀ