ਨਵੀਂ ਦਿੱਲੀ : ਭਾਰਤ ਅਗਲੇ ਸਾਲ ਮਾਰਚ ਵਿਚ ਟੋਕੀਓ ਓਲੰਪਿਕ ਲਈ 3×3 ਬਾਸਕਟਬਾਲ ਕੁਆਲੀਫਾਇੰਗ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਇਸ ਖੇਡ ਦੀ ਵਿਸ਼ਵ ਪੱਧਰੀ ਸੰਸਥਾ ਫੀਬਾ ਨੇ ਐਲਾਨ ਕੀਤਾ ਕਿ ਇਸ ਟੂਰਨਾਮੈਂਟ ਵਿਚ ਕੁੱਲ 40 ਟੀਮਾਂ (20 ਮਰਦ ਤੇ 20 ਮਹਿਲਾ) ਹਿੱਸਾ ਲੈਣਗੀਆਂ। ਇਸ ਦੇ ਸਥਾਨ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਇਸ ਚੈਂਪੀਅਨਸ਼ਿਪ ਦਾ ਪ੍ਰਬੰਧ ਭਾਰਤੀ ਬਾਸਕਟਬਾਲ ਮਹਾਸੰਘ (ਬੀਐੱਫਆਈ) ਦੇ ਤਹਿਤ ਕੀਤਾ ਜਾਵੇਗਾ ਤੇ ਅੰਤਰਰਾਸ਼ਟਰੀ ਬਾਸਕਟਬਾਲ ਮਹਾਸੰਘ (ਫੀਬਾ) ਇਸ ਦਾ ਪ੍ਰਬੰਧਕ ਹੋਵੇਗਾ। ਫੀਬਾ 3×3 ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਵਿਚ ਓਲੰਪਿਕ 2020 ਲਈ ਛੇ ਸਥਾਨ (ਮਹਿਲਾ ਤੇ ਮਰਦ ਦੋਵਾਂ ਵਰਗਾਂ ਵਿਚ ਤਿੰਨ-ਤਿੰਨ) ਦਾਅ ‘ਤੇ ਲੱਗੇ ਹੋਣਗੇ। ਇਹ ਚੈਂਪੀਅਨਸ਼ਿਪ ਟੋਕੀਓ ਓਲੰਪਿਕ ਵਿਚ ਸ਼ੁਰੂਆਤ ਕਰੇਗੀ ਜਿੱਥੇ ਮਹਿਲਾ ਅਤੇ ਮਰਦ ਵਰਗ ਵਿਚ ਅੱਠ-ਅੱਠ ਟੀਮਾਂ ਹਿੱਸਾ ਲੈਣਗੀਆਂ। ਬੀਐੱਫਆਈ ਪ੍ਰਧਾਨ ਗੋਵਿੰਦਰਾਜ ਕੇਂਪਾਰੈੱਡੀ ਨੇ ਕਿਹਾ ਕਿ ਭਾਰਤ ਨੂੰ ਇਸ ਤਰ੍ਹਾਂ ਦੀ ਮਹੱਤਵਪੂਰਨ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਮਿਲਣਾ ਬਹੁਤ ਵੱਡਾ ਸਨਮਾਨ ਹੈ। ਸਾਡੇ ਖਿਡਾਰੀ ਪਹਿਲੀ ਵਾਰ ਖੇਡੇ ਜਾ ਰਹੇ 3×3 ਓਲੰਪਿਕ ਟੂਰਨਾਮੈਂਟ ਵਿਚ ਥਾਂ ਬਣਾਉਣ ਲਈ ਕੋਈ ਕਸਰ ਨਹੀਂ ਛੱਡਣਗੇ।
Sports ਭਾਰਤ ਕਰੇਗਾ ਬਾਸਕਟਬਾਲ ਦੇ ਕੁਆਲੀਫਾਇਰਜ਼ ਦੀ ਮੇਜ਼ਬਾਨੀ