ਨਵੀਂ ਦਿੱਲੀ (ਸਮਾਜਵੀਕਲੀ): ਕਾਂਗਰਸ ਅਾਗੂ ਰਾਹੁਲ ਗਾਂਧੀ ਨੇ ਅਮਰੀਕੀ ਕੂਟਨੀਤਕ ਨਿਕੋਲਸ ਬਰਨਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਮਰੀਕਾ ਅਤੇ ਭਾਰਤ ਅੰਦਰ ਲੋਕਾਂ ’ਚ ਵੰਡੀਆਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਫ਼ਰੀਕੀ ਅਮਰੀਕੀਆਂ, ਮੈਕਸਿਕੋ ਅਤੇ ਹੋਰ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ।
ਉਧਰ ਭਾਰਤ ’ਚ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ’ਚ ਵੰਡੀਆਂ ਪਾ ਕੇ ਮੁਲਕ ਦੇ ਢਾਂਚੇ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਅਸਿੱਧੇ ਤੌਰ ’ਤੇ ਭਾਜਪਾ ਉਪਰ ਵਿਅੰਗ ਕਰਦਿਆਂ ਕਿਹਾ ਕਿ ਜਿਹੜੇ ਲੋਕ ਮੁਲਕ ਦੇ ਢਾਂਚੇ ਨੂੰ ਕਮਜ਼ੋਰ ਕਰ ਰਹੇ ਹਨ, ਉਹ ਖੁਦ ਨੂੰ ਰਾਸ਼ਟਰਵਾਦੀ ਅਖਵਾਉਂਦੇ ਹਨ। ਰਾਹੁਲ ਨੇ ਕਿਹਾ ਕਿ ਭਾਰਤ-ਅਮਰੀਕੀ ਭਾਈਵਾਲੀ ਇਸ ਲਈ ਕੰਮ ਕਰਦੀ ਹੈ ਕਿਉਂਕਿ ਦੋਵੇਂ ਮੁਲਕਾਂ ਦੇ ਡੀਐੱਨਏ ’ਚ ਸਹਿਣਸ਼ੀਲਤਾ ਸੀ ਪਰ ਹੁਣ ਉਨ੍ਹਾਂ ’ਚ ਇਹ ਸਹਿਣਸ਼ੀਲਤਾ ਨਜ਼ਰ ਨਹੀਂ ਪੈਂਦੀ ਹੈ।
ਰਾਹੁਲ ਦੀ ਇਹ ਟਿੱਪਣੀ ਸਿਆਹਫਾਮ ਜੌਰਜ ਫਲਾਇਡ ਦੀ ਪੁਲੀਸ ਹਿਰਾਸਤ ’ਚ ਮੌਤ ਮਗਰੋਂ ਅਮਰੀਕਾ ’ਚ ਹੋਏ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਮੰਨੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ’ਚ ਸਬੰਧ ਹੁਣ ਸਿਰਫ਼ ਰੱਖਿਆ ਸੌਦਿਆਂ ਤੱਕ ਸੀਮਤ ਰਹਿ ਗਏ ਹਨ।
ਅਮਰੀਕਾ ਦੇ ਸਾਬਕਾ ਵਿਦੇਸ਼ ਉਪ ਮੰਤਰੀ ਅਤੇ ਹਾਰਵਰਡ ਦੇ ਪ੍ਰੋਫੈਸਰ ਨਿਕੋਲਸ ਬਰਨਜ਼ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ, ਪੇਈਚਿੰਗ ਨਾਲ ਲੜਨ ਲਈ ਨਹੀਂ ਸਗੋਂ ਉਸ ਨੂੰ ਕਾਨੂੰਨ ਦੇ ਸ਼ਾਸਨ ਦਾ ਪਾਲਣ ਕਰਾਉਣ ਲਈ ਮਿਲ ਕੇ ਕੰਮ ਕਰ ਸਕਦੇ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਅੱਜ ਵੀਡੀਓ ਕਾਨਫਰੰਸ ਰਾਹੀਂ ਵਾਰਤਾ ਦੌਰਾਨ ਬਰਨਜ਼ ਨੇ ਕਿਹਾ ਕਿ ਚੀਨ ਨਾਲ ਕੋਈ ਟਕਰਾਅ ਨਹੀਂ ਹੈ ਪਰ ਵਿਚਾਰਾਂ ਦੀ ਲੜਾਈ ਜ਼ਰੂਰ ਹੈ ਅਤੇ ਭਾਰਤ ਤੇ ਅਮਰੀਕਾ ਨੂੰ ਦੁਨੀਆ ’ਚ ਮਨੁੱਖੀ ਆਜ਼ਾਦੀ, ਲੋਕਤੰਤਰ ਅਤੇ ਲੋਕ ਸ਼ਾਸਨ ਨੂੰ ਉਤਸ਼ਾਹਿਤ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਨੂੰ ਚੀਨ ਅਤੇ ਰੂਸ ਵਰਗੇ ਮੁਲਕਾਂ ਤੋਂ ਚੁਣੌਤੀਆਂ ਮਿਲ ਰਹੀਆਂ ਹਨ। ਬਰਨਜ਼ ਨੇ ਭਾਰਤੀ ਨਾਗਰਿਕਾਂ ਲਈ ਐੱਚ1ਬੀ ਵੀਜ਼ੇ ’ਚ ਕਮੀ ’ਤੇ ਫਿਕਰ ਜਤਾਉਂਦਿਆਂ ਕਿਹਾ ਕਿ ਅਮਰੀਕਾ ਕੋਲ ਵਾਧੂ ਇੰਜਨੀਅਰ ਨਹੀਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਸੀ।