ਭਾਰਤ ਅਤਿਵਾਦ ਖ਼ਿਲਾਫ਼ ਲੜਾਈ ਲਈ ਪ੍ਰਤੀਬੱਧ: ਸਵਰਾਜ

ਭਾਰਤ ਨੇ ਅੱਜ ਕਿਹਾ ਕਿ ਸ੍ਰੀਲੰਕਾ ਵਿੱਚ ਲੜੀਵਾਰ ਹਮਲੇ ਅਜਿਹੇ ਸਮੇਂ ਹੋਏ ਹਨ, ਜਦੋਂ ਪੁਲਵਾਮਾ ਦਹਿਸ਼ਤੀ ਹਮਲੇ ਦੇ ਜ਼ਖ਼ਮ ਅਜੇ ਅੱਲ੍ਹੇ ਸਨ ਤੇ ਇਨ੍ਹਾਂ ਘਟਨਾਵਾਂ ਨੇ ਭਾਰਤ ਨੂੰ ਦਹਿਸ਼ਤਗਰਦੀ ਖ਼ਿਲਾਫ਼ ਦ੍ਰਿੜਤਾ ਨਾਲ ਲੜਨ ਲਈ ਹੋਰ ਵਧੇਰੇ ਪ੍ਰਤੀਬੱਧ ਬਣਾਇਆ ਹੈ। ਕਿਰਗਿਜ਼ਤਾਨ ਦੀ ਰਾਜਧਾਨੀ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਵਿਦੇਸ਼ ਮੰਤਰੀਆਂ ਦੀ ਪ੍ਰੀਸ਼ਦ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤ ਸਹਿਯੋਗ ਤੇ ਸਥਾਈ ਸੁਰੱਖਿਆ ਲਈ ਐਸਸੀਓ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧ ਹੈ। ਮੀਟਿੰਗ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਸ਼ਾਮਲ ਸਨ। ਇਸ ਦੌਰਾਨ ਸ੍ਰੀਮਤੀ ਸਵਰਾਜ ਨੇ ਕਿਰਗਿਜ਼ਤਾਨ ਦੇ ਰਾਸ਼ਟਰਪਤੀ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਵੀ ਨਾਲ ਮੁਲਾਕਾਤ ਕੀਤੀ।
ਸ੍ਰੀਮਤੀ ਸਵਰਾਜ ਨੇ ਕਿਹਾ, ‘ਸਾਡੀਆਂ ਸੰਵੇਦਨਾਵਾਂ ਹਾਲ ਹੀ ਵਿੱਚ ਭਿਆਨਕ ਦਹਿਸ਼ਤੀ ਕਾਰੇ ਦੇ ਗਵਾਹ ਬਣੇ ਸ੍ਰੀਲੰਕਾ ਦੇ ਸਾਡੇ ਭੈਣ-ਭਰਾਵਾਂ ਨਾਲ ਹਨ। ਪੁਲਵਾਮਾ ਹਮਲੇ ਵਿੱਚ ਮਿਲੇ ਜ਼ਖ਼ਮ ਅਜੇ ਵੀ ਅੱਲ੍ਹੇ ਹਨ ਤੇ ਇਸ ਮੌਕੇ ਗੁਆਂਢ ਤੋਂ ਮਿਲੀ ਇਸ ਭਿਆਨਕ ਖ਼ਬਰ ਨੇ ਸਾਨੂੰ ਅਤਿਵਾਦ ਖ਼ਿਲਾਫ਼ ਦ੍ਰਿੜਤਾ ਨਾਲ ਲੜਨ ਲਈ ਪਹਿਲਾਂ ਨਾਲੋਂ ਵਧ ਪ੍ਰਤਿਬੱਧ ਬਣਾਇਆ ਹੈ।’ ਸਵਰਾਜ ਨੇ ਕਿਹਾ ਕਿ ਭਾਰਤ ਖੇਤਰੀ ਅਤਿਵਾਦ ਵਿਰੋਧੀ ਢਾਂਚੇ (ਆਰਏਟੀਐੱਸ) ਦੇ ਕੰਮਕਾਜ ਨੂੰ ਹੋਰ ਅਸਰਦਾਰ ਬਣਾਉਣ ਦੇ ਤੌਰ ਤਰੀਕਿਆਂ ਸਬੰਧੀ ਵਿਚਾਰਾਂ ਨੂੰ ਅਪਣਾਉਣ ਲਈ ਤਿਆਰ ਹੈ। ਆਰਏਟੀਐਸ ਵਿਸ਼ੇਸ਼ ਰੂਪ ਵਿੱਚ ਸੁਰੱਖਿਆ ਨਾਲ ਜੁੜੇ ਮਾਮਲਿਆਂ ਨੂੰ ਵੇਖਦਾ ਹੈ। ਸਵਰਾਜ ਨੇ ਚੀਨ ਤੇ ਅਮਰੀਕਾ ਦਰਮਿਆਨ ਜਾਰੀ ਵਣਜ ਜੰਗ ਬਾਰੇ ਬੋਲਦਿਆਂ ਕਿਹਾ, ‘ਭਾਰਤ ਨੇਮ ਅਧਾਰਿਤ, ਪਾਰਦਰਸ਼ੀ, ਨਿਰਪੱਖ, ਖੁੱਲ੍ਹੀ ਤੇ ਬਹੁਪੱਖੀ ਵਣਜ ਪ੍ਰਣਾਲੀ ਦਾ ਹਾਮੀ ਹੈ, ਜੋ ਵਿਸ਼ਵ ਵਪਾਰ ਸੰਗਠਨ ਮੁਤਾਬਕ ਹੈ। ਭਾਰਤ ਇਕਤਰਫ਼ਾ ਪਹੁੰਚ ਦਾ ਵਿਰੋਧ ਕਰਦਾ ਹੈ।’ ਉਨ੍ਹਾਂ ਕਿਹਾ ਕਿ ਭਾਰਤ ਖੇਤਰੀ ਕੁਨੈਕਟੀਵਿਟੀ ਨੂੰ ਲੈ ਕੇ ਪ੍ਰਤੀਬੱਧ ਹੈ, ਜੋ ਕੌਮਾਂਤਰੀ ਉੱਤਰ ਦੱਖਣੀ ਰੋਡਵੇਜ਼ ਗਲਿਆਰਾ, ਚਾਬਹਾਰ ਬੰਦਰਗਾਹ, ਅਸ਼ਗਾਬਾਤ ਸਮਝੌਤੇ ਤੇ ਭਾਰਤ-ਮਿਆਂਮਾਰ-ਥਾਈਲੈਂਡ ਤਿਕੋਣੇ ਸ਼ਾਹਰਾਹ ਵਿੱਚ ਉਹਦੀ ਸ਼ਮੂਲੀਅਤ ਤੋਂ ਵਿਖਾਈ ਦਿੰਦਾ ਹੈ। ਸੁਸ਼ਮਾ ਨੇ ਮਕਬੂਜ਼ਾ ਕਸ਼ਮੀਰ ’ਚੋਂ ਹੋ ਕੇ ਲੰਘਣ ਵਾਲੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ’ਤੇ ਵੀ ਉਜਰ ਜਤਾਇਆ।

Previous articleਏਅਰ ਇੰਡੀਆ ਦੀਆਂ ਦਿੱਲੀ-ਅੰਮ੍ਰਿਤਸਰ ਉਡਾਣਾਂ ਦੀ ਗਿਣਤੀ ਵਧੇਗੀ
Next articleਅਰਬੀ ਲੇਖਕ ਜੋਖਾ ਅਲਹਾਰਥੀ ਨੂੰ ਮਿਲਿਆ ਮੈਨ ਬੁੱਕਰ ਸਾਹਿਤ ਪੁਰਸਕਾਰ